ਮਨੋਜ ਸ਼ਰਮਾ
ਬਠਿੰਡਾ, 5 ਮਾਰਚ
ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਜੰਮਪਲ ਅਤੇ ਸਰਕਾਰੀ ਹਾਈ ਸਕੂਲ ਨੌਵੀਂ ਜਮਾਤ ਦਾ ਵਿਦਿਆਰਥੀ ਮਹਿਕ ਦੀਪ ਹੁਣ ਮਹਿਕ ਨਹੀਂ ਵੰਡ ਸਕੇਗਾ। ਦਾਦਾ-ਦਾਦੀ ਤੇ ਮਾਤਾ ਪਰਵਿੰਦਰ ਕੌਰ ਤੇ ਪਿਤਾ ਸਿਕੰਦਰ ਦਾ ਲਾਡਲਾ ਮਹਿਕ ਦੀਪ ਦੋ ਭੈਣਾਂ ਦਾ ਭਰਾ ਹੈ। ਘਰ ਦੀ ਹਾਲਤ ਬਦਤਰ ਹੋਣ ਕਾਰਨ ਇੱਕ ਵਾਰ ਮਹਿਕ ਨੇ ਸਕੂਲ ਹੱਟ ਕੇ ਘਰ ਦਾ ਰੋਟੀ-ਫੁਲਕਾ ਤੋਰਨ ਲਈ ਆਪਣੇ ਪਿਤਾ ਦਾ ਸਾਥ ਦਿੰਦਿਆਂ ਪੜਾਈ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਸਕੂਲ ਦੇ ਸਟਾਫ਼ ਨੇ ਹੱਲਾਸ਼ੇਰੀ ਦਿੰਦਿਆਂ ਮੁੜ ਪੜ੍ਹਨ ਲਈ ਪ੍ਰੇਰਿਆ ਸੀ ਪਰ ਇੱਕ ਦਿਨ ਦਿਹਾੜੀ ਲਈ ਗਏ ਮਹਿਕ ਦੀਪ ਵੱਲੋਂ ਕੰਮ ਕਰਦਿਆਂ ਹੱਥਾਂ ਵਿਚ ਚੁੱਕਿਆ ਲੋਹੇ ਦਾ ਚੈਨਲ ਹਾਈ ਵੋਲਟੇਜ ਤਾਰਾਂ ਨਾਲ ਟਕਰਾਅ ਗਿਆ, ਕਰੰਟ ਲੱਗਣ ਕਾਰਨ ਡਾਕਟਰੀ ਟੀਮ ਨੇ ਮਹਿਕ ਦੀਪ ਦੇ ਹੱਥ ਕੱਟ ਦਿੱਤੇ। ਮਹਿਕ ਦੀਪ ਦੀ ਦਾਦੀ ਮਲਕੀਤ ਕੌਰ ਹੌਕਾ ਭਰ ਕੇ ਦੱਸਦੀ ਹੈ ਕਿ ਮਹਿਕ ਦੀ ਦਵਾਈ ਦਾ ਖਰਚਾ ਤੇ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਿਸ ਤਰ੍ਹਾਂ ਚੱਲੇਗਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਹਿਕ ਨੂੰ ਦੁਬਾਰਾ ਪੈਰਾ ਸਿਰ ਖੜ੍ਹਾ ਕਰਨ ਲਈ ਦਾਨੀ ਸੱਜਣ ਉਨ੍ਹਾਂ ਦੀ ਬਾਂਹ ਫੜਨ।