ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਮਈ
ਕਰੋਨਾ ਕਾਰਨ ਮਰਨ ਵਾਲੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਹਸਪਤਾਲਾਂ ਤੋਂ ਲਿਆ ਕੇ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਵਾਲਾ ਕੰਮ ਕਰਨ ਵਾਲੇ ਰੈੱਡ ਕਰਾਸ ਦੇ ਕਾਮਿਆਂ ਦਾ ਭਵਿੱਖ ਅਸੁਰੱਖਿਅਤ ਹੈ। ਰੈੱਡ ਕਰਾਸ ਵੱਲੋਂ ਐਂਬੂਲੈਂਸ ਦੇ ਡਰਾਈਵਰ ਨੂੰ ਇਕ ਮ੍ਰਿਤਕ ਦੇਹ ਲਿਆਉਣ ਲਈ ਮਹਿਜ਼ ਪੰਜ ਸੌ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਵਾਸਤੇ ਸਰਕਾਰ ਵੱਲੋਂ ਉਨ੍ਹਾਂ ਦੇ ਸਿਰ ਹੱਥ ਨਹੀਂ ਰੱਖਿਆ ਜਾਂਦਾ।
ਜਾਣਕਾਰੀ ਅਨੁਸਾਰ ਇਕ ਐਂਬੂਲੈਂਸ ਵਿੱਚ ਡਰਾਈਵਰ ਤੇ ਦੋ ਹੈਲਪਰ ਜਾਂਦੇ ਹਨ ਜਿਨ੍ਹਾਂ ਨੂੰ ਰੈੱਡ ਕਰਾਸ ਵੱਲੋਂ ਪੀਪੀਈ ਕਿੱਟ, ਦਸਤਾਨੇ, ਫੇਸ ਸ਼ੀਲਡ ਤੇ ਸੈਨੇਟਾਈਜ਼ਰ ਦਿੱਤਾ ਜਾਂਦਾ ਹੈ। ਦੇਹ ਨੂੰ ਸ਼ਮਸ਼ਾਨਘਾਟ ਵਿੱਚ ਮੈਡੀਕਲ ਟੀਮ ਦੇ ਹਵਾਲੇ ਕਰਨ ਤੋਂ ਬਾਅਦ ਪਹਿਲਾਂ ਐਂਬੂਲੈਂਸ ਨੂੰ ਸਿਵਲ ਹਸਪਤਾਲ ਵਿੱਚ ਸੈਨੇਟਾਈਜ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸਟਾਫ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਵਾ ਕੇ, ਭਾਫ਼ ਤੇ ਕਾੜ੍ਹਾ ਦਿੱਤਾ ਜਾਂਦਾ ਹੈ। ਡਰਾਈਵਰ ਬਲਵੰਤ ਸਿੰਘ, ਕੁਲਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਜਾਨ ਜ਼ੋਖਮ ’ਚ ਪਾ ਕੇ ਆਪਣੀ ਡਿਊਟੀ ਕਰ ਰਹੇ ਹਨ, ਇਸ ਲਈ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਕੋਲ ਆਪਣੀਆਂ 3 ਐਂਬੂਲੈਂਸਾਂ ਤੇ ਇਕ ਮ੍ਰਿਤਕ ਦੇਹਾਂ ਢੋਹਣ ਵਾਲੀ ਗੱਡੀ ਹੈ ਜਦੋਂ ਕਿ ਸੱਚਾ ਸੌਦਾ, ਰਾਹਤ, ਸ਼ਿਵ ਧਾਮ, ਜੈ ਜਗਦੰਬੇ ਸੰਸਥਾਵਾਂ ਨੇ ਆਪਣੀਆਂ ਐਂਬੂਲੈਂਸਾਂ ਤੇ ਡਰਾਈਵਰ ਵੀ ਰੈੱਡ ਕਰਾਸ ਨੂੰ ਮ੍ਰਿਤਕ ਦੇਹਾਂ ਦੀ ਢੋਆ-ਢੁਆਈ ਲਈ ਦਿੱਤੇ ਹਨ। ਇਸ ਦੇ ਨਾਲ ਹੀ ਰੈੱਡ ਕਰਾਸ ਵੱਲੋਂ ਸਿਵਲ ਹਸਪਤਾਲ ’ਚ ਦਾਖਲ ਕਰੋਨਾ ਮਰੀਜ਼ਾਂ ਨੂੰ ਰੋਜ਼ਾਨਾ ਤਿੰਨ ਸਮੇਂ ਖਾਣਾ ਦਿੱਤਾ ਜਾਂਦਾ ਹੈ।