ਸ਼ਗਨ ਕਟਾਰੀਆ
ਜੈਤੋ, 20 ਅਗਸਤ
ਲੀਡਰਾਂ ਦੇ ਸ਼ਹਿਰ ਜੈਤੋ ਦਾ ਸਿਹਤ ਕੇਂਦਰ ਲੰਮੇ ਅਰਸੇ ਤੋਂ ‘ਬਿਮਾਰ’ ਹੈ। ਇਸ ਦੀ ਮਰਜ਼ ਹਟਾਉਣ ਲਈ ਕੋਈ ਵੈਦ ਨਬਜ਼ ਟੋਹਣ ਨੂੰ ਤਿਆਰ ਨਹੀਂ। ਨਾਂ ਦਾ ‘ਸਿਵਲ ਹਸਪਤਾਲ’ ਹੈ ਪਰ ਅਸਲੀਅਤ ’ਚ ‘ਸੀਐੱਚਸੀ’ ਹੈ। ਢਾਈ ਦਹਾਕੇ ਪਹਿਲਾਂ ਜੈਤੋ ਸਬ-ਡਿਵੀਜ਼ਨ ਬਣਿਆ। ਕਾਂਗਰਸ ਤੇ ਅਕਾਲੀ ਦਲ ਨੇ ਇਸ ਅਰਸੇ ’ਚ ਤਿੰਨ-ਤਿੰਨ ਵਾਰ ਸਰਕਾਰਾਂ ਬਣਾਈਆਂ ਪਰ ਕਮਿਊਨਿਟੀ ਹੈਲਥ ਸੈਂਟਰ ਜੈਤੋ ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਗਈ। ਜੈਤੋ ਅਤੇ ਦਰਜਨਾਂ ਪਿੰਡਾਂ ਦੇ ਲੱਖਾਂ ਲੋਕ ਇਸ ਸੈਂਟਰ ’ਤੇ ਨਿਰਭਰ ਹਨ। ਨਿਯਮ ਤਾਂ ਸਬ-ਡਿਵੀਜ਼ਨਾਂ ’ਚ 50 ਬਿਸਤਰਿਆਂ ਵਾਲੇ ਸਿਵਲ ਹਸਪਤਾਲਾਂ ਦੇ ਹਨ ਪਰ ਇੱਥੇ 30 ਬਿਸਤਰਿਆਂ ਵਾਲੇ ਸੀਐਚਸੀ ਕੋਲ ਪੂਰਾ ਸਟਾਫ਼ ਵੀ ਨਹੀਂ। ਡਾ. ਵਰਿੰਦਰ ਕੁਮਾਰ (ਐੱਮਡੀ ਮੈਡੀਸਨ) ਦੇ ਮੋਢਿਆਂ ’ਤੇ ਓਪੀਡੀ ਸੰਭਾਲਣ ਸਮੇਤ ਐੱਸਐੱਮਓ ਦਾ ਵਾਧੂ ਕਾਰਜਭਾਰ ਹੈ। ਡਾ. ਆਸਥਾ ਨਰੂਲਾ (ਐੱਮਬੀਬੀਐੱਸ) ਐਮਰਜੈਂਸੀ ਮਰੀਜ਼ਾਂ ਨੂੰ ਵੇਖਦੇ ਹਨ। ਡੈਪੂਟੇਸ਼ਨ ਵਾਲੇ ਡਾ. ਰਾਜਵੀਰ ਕੌਰ (ਐਮਬੀਬੀਐਸ) ਕਰੋਨਾ ਸੈਂਪਲਿੰਗ ਤੇ ਵੈਕਸੀਨ ਦੇ ਕੰਮ ’ਚ ਰੁੱਝੇ ਰਹਿੰਦੇ ਹਨ। ਸਥਿਤੀ ਅਨੁਸਾਰ ਗਾਇਨੀ ਅਤੇ ਦੰਦਾਂ ਦੇ ਡਾਕਟਰ ਸਮੇਤ ਸੈਂਟਰ ਵਿੱਚ ਘੱਟੋ-ਘੱਟ 5 ਹੋਰ ਡਾਕਟਰਾਂ ਦੀ ਜ਼ਰੂਰਤ ਹੈ। ਫ਼ਾਰਮਾਸਿਸਟਾਂ ਦੀਆਂ ਇਥੇ 3 ਆਸਾਮੀਆਂ ਖਾਲੀ ਹਨ ਅਤੇ ਸਿਰਫ ਡੈਪੂਟੇਸ਼ਨ ਵਾਲੇ 2 ਨਾਲ ਬੁੱਤਾ ਸਾਰਿਆ ਜਾ ਰਿਹਾ ਹੈ। 2 ਲੈਬ ਤਕਨੀਸ਼ੀਅਨਾਂ ਦੀਆਂ ਆਸਾਮੀਆਂ ’ਚੋਂ 1 ਖਾਲੀ ਹੈ। ਹਸਪਤਾਲ ਦੀ ਓਪੀਡੀ ’ਚ ਰੋਜ਼ਾਨਾ ਕਰੀਬ 250 ਮਰੀਜ਼ ਪਹੁੰਚਦੇ ਹਨ। ਐੱਸਐੱਮਓ ਡਾ. ਕੀਮਤੀ ਲਾਲ ਦੇ ਲੰਘੀ 28 ਫਰਵਰੀ ਨੂੰ ਸੇਵਾਮੁਕਤ ਹੋਣ ਪਿੱਛੋਂ ਇਥੇ 4 ਐੱਸਐੱਮਓ ਤਬਦੀਲ ਹੋਏ। ਇਨ੍ਹਾਂ ’ਚੋਂ 3 ਜੁਆਇਨ ਕਰਨ ਤੋਂ ਪਹਿਲਾਂ ਹੀ ਬਦਲੀ ਕਰਵਾ ਗਏ ਜਦ ਕਿ ਡਾ. ਅਸ਼ੋਕ ਕੁਮਾਰ ਨੇ 26 ਜੁਲਾਈ ਨੂੰ ਚਾਰਜ ਤਾਂ ਲੈ ਲਿਆ ਪਰ ਉਸੇ ਦਿਨ ਤੋਂ ਲੰਮੀ ਛੁੱਟੀ ’ਤੇ ਚੱਲ ਰਹੇ ਹਨ।
‘ਹਸਪਤਾਲ ਦਾ ਦਰਜਾ ਦੇਣ ਤੋਂ ਸਰਕਾਰ ਨੇ ਕੀਤੇ ਹੱਥ ਖੜ੍ਹੇ’
ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਿਹਤ ਕੇਂਦਰ ਨੂੰ ਅਪ੍ਰਗੇਡ ਕਰ ਕੇ ਹਸਪਤਾਲ ਬਣਾਉਣ ਲਈ ਉਨ੍ਹਾਂ ਵਿਧਾਨ ਸਭਾ ’ਚ ਮੁੱਦਾ ਵੀ ਉਠਾਇਆ ਪਰ ਸਰਕਾਰ ਦਾ ਜਵਾਬ ਬਚਕਾਨਾ ਸੀ। ਜਵਾਬ ਸੀ ਕਿ ਜੈਤੋ ਤੋਂ 18 ਕਿਲੋਮੀਟਰ ਦੂਰ ਕੋਟਕਪੂਰਾ ’ਚ ਸਿਵਲ ਹਸਪਤਾਲ ਹੈ ਅਤੇ ਸਰਕਾਰ ਕੋਲ ਫੰਡਾਂ ਦੀ ਤੋਟ ਹੋਣ ਕਰਕੇ ਰੁਤਬਾ ਵਧਾਉਣਾ ਸਰਕਾਰ ਦੀ ਮਜਬੂਰੀ ਹੈ। ਸਰਕਾਰ ਨੇ ਡਾਕਟਰਾਂ ਦੀ ਘਾਟ, ਡਾਕਟਰਾਂ ਦੀ ਨਵੀਂ ਭਰਤੀ ਹੋਣ ਪਿੱਛੋਂ ਪੂਰੀ ਹੋਣ ਦੀ ਵੀ ਗੱਲ ਆਖੀ।