ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ
ਪਿਛਲੇ ਕਈ ਮਹੀਨਿਆਂ ਤੋਂ ਮੁਕਤਸਰ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ। ਗਲੀਆਂ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ। ਸ਼ਹਿਰ ਦੇ ਸਭ ਤੋਂ ਆਧੁਨਿਕ ਖੇਤਰ ਕੋਟਕਪੂਰਾ ਰੋਡ ਦੀ ਬਾਵਾ ਕਲੋਨੀ, ਗੁਰੂ ਅੰਗਦ ਦੇਵ ਨਗਰ, ਚੱਕ ਬੀੜ ਸਰਕਾਰ ਰੋਡ, ਨਾਰੰਗ ਕਲੋਨੀ, ਗਾਂਧੀ ਚੌਂਕ ਤੋਂ ਲੈ ਕੇ ਫਾਟਕੋਂ ਪਾਰ ਦੇ ਸਾਰੇ ਖੇਤਰ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਲਿਆ ਹੋਇਆ ਹੈ। ਕਰੋਨਾਂ ਦੀਆਂ ਪਾਬੰਦੀਆਂ ਦੇ ਡਰ ਕਾਰਨ ਲੋਕ ਰੌਲਾ ਵੀ ਨਹੀਂ ਪਾ ਸਕਦੇ। ਅਜਿਹੀ ਸਥਿਤੀ ਵਿੱਚ ਮੁਕਤਸਰ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਸਮੱਸਿਆਵਾਂ ਦੇ ਹੱਲ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਤਾਂ ਸ਼ਾਇਦ ਲੋਕਾਂ ਦੀ ਜਾਨ ਬਚ ਜਾਵੇ ਪਰ ਸੀਵਰੇਜ ਦੇ ਗੰਦੇ ਪਾਣੀ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦਾ ਬਚਣਾ ਮੁਸ਼ਕਲ ਹੈ। ਸ੍ਰੀ ਬਰਕੰਦੀ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਵੀ ਕੀਤਾ ਤੇ ਕਿਹਾ ਕਿ ਜਲਦੀ ਹੀ ਉਹ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਨਾਲ ਵੀ ਬੈਠਕ ਕਰਕੇ ਸਮੱਸਿਆ ਦਾ ਹੱਲ ਕਰਨਗੇ।
ਧੂਰਕੋਟ ’ਚ ਨਿਕਾਸੀ ਨਾ ਹੋਣ ਕਾਰਨ ਮਾਮਲਾ ਉਲਝਿਆ
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ): ਨੇੜਲੇ ਪਿੰਡ ਧੂਰਕੋਟ ਵਿੱਚ ਛੱਪੜ ਦੇ ਪਾਣੀ ਦੇ ਨਿਕਾਸ ਤੋਂ ਪੈਦਾ ਹੋਏ ਵਿਵਾਦ ਸਬੰਧੀ ਗਰਾਮ ਪੰਚਾਇਤ ਧੂਰਕੋਟ ਅਤੇ ਪਿੰਡ ਵਾਸੀਆਂ ਵੱਲੋਂ ਪੁਲੀਸ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦਾ ਪੁਤਲਾ ਫੂਕਿਆ। ਸਰਪੰਚ ਕੁਲਵੀਰ ਸਿੰਘ ਨੇ ਕਿਹਾ ਕਿ ਇੱਕ ਡੇਰੇ ਦੀ ਆੜ ਵਿੱਚ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਕੰਮ ਰੋਕਿਆ ਜਾ ਰਿਹਾ ਹੈ ਅਤੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੰਚਾਇਤ ਅਫ਼ਸਰ ਬਰਨਾਲਾ ਅਤੇ ਥਾਣਾ ਰੂੜੇਕੇ ਕਲਾਂ ਵਿੱਚ ਸੂਚਿਤ ਕਰਕੇ ਦੋਸੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਉਲਟਾਪੰਚਾਇਤ ਨੂੰ ਧਮਕਾਇਆ ਜਾ ਰਿਹਾ ਹੈ। ਇੱਥੋਂ ਤਕ ਕਿ ਪਰਚਾ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਪੰਚ ਗੁਰਮੇਲ ਕੌਰ, ਪੰਚ ਬਲਵੀਰ ਕੌਰ,ਪੰਚ ਉਮਰਦੀਨ ਅਤੇ ਸਵਰਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਚਾਇਤੀ ਥਾਂ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਚੁਕਵਾ ਕੇ ਨਾਲੇ ਦਾ ਕੰਮ ਚਾਲੂ ਨਾ ਕਰਵਾਇਆ ਗਿਆ ਤਾਂ ਉਹ ਡੀਸੀ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਰਾਜ ਸਿੰਘ, ਸੁਖਪਾਲ ਸ਼ਰਮਾ, ਓਮ ਪ੍ਰਕਾਸ਼, ਅੰਗਰੇਜ਼ ਸਿੰਘ, ਬੂਟਾ ਸਿੰਘ, ਬੇਅੰਤ ਸਿੰਘ, ਬਲਵੰਤ ਸਿੰਘ, ਸੀਮਾ ਰਾਣੀ ਅਤੇ ਗੁਰਮੇਲ ਕੌਰ ਹਾਜ਼ਰ ਸਨ।