ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੁਲਾਈ
ਸੂਬੇ ’ਚ ਖਸਤਾ ਹਾਲ ਹੋਏ ਸਨਅਤੀ ਫੋਕਲ ਪੁਆਇੰਟਾਂ ਉੱਤੇ ਕੈਪਟਨ ਸਰਕਾਰ ਦੀ ਸਵੱਲੀ ਨਜ਼ਰ ਪਈ ਹੈ। ਸਨਅਤੀ ਫੋਕਲ ਪੁਆਇੰਟ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ’ਚੋਂ ਇੱਕ ਮੰਨੇ ਜਾਂਦੇ ਹਨ। ਇਥੇ ਸਾਲ 1978 ’ਚ ਸਥਾਪਤ ਸਨਅਤੀ ਫੋਕਲ ਪੁਆਇੰਟ ਆਪਣੀ ਹੋਣੀ ਉੱਤੇ ਅਥਰੂ ਵਹਾ ਰਿਹਾ ਹੈ ਜਿਸ ਦੀ ਹੁਣ ਨਵੀਨੀਕਰਨ ਦੀ ਉਮੀਦ ਬੱਝੀ ਹੈ।
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਸ ਫੋਕਲ ਪੁਆਇੰਟ ਦੇ ਨਵੀਨੀਕਰਨ ਲਈ 10 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ 2.32 ਲੱਖ ਉਦਯੋਗਿਕ ਘਰਾਣਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਵਿੱਚ ਸਮਾਜਿਕ ਦੂਰੀ ਤਹਿਤ ਚਾਲੂ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਉਦਯੋਗ ਵੀ ਖੋਲ੍ਹ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ 90 ਹਜ਼ਾਰ ਨੌਜਵਾਨ ਬਾਹਰਲੇ ਦੇਸ਼ਾਂ ਤੋ ਸੂਬੇ ਵਿੱਚ ਵਾਪਸ ਆਏ ਹਨ ਜਿੰਨਾਂ ਨੂੰ ਨੌਕਰੀਆਂ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਦੇਣ ਲਈ ਸਰਕਾਰ ਪ੍ਰਬੰਧ ਕਰ ਰਹੀ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਜੀਰਾਬਾਦ ਇਲਾਕੇ ਵਿੱਚ 135 ਏਕੜ ਫਾਰਮਾਸਿਊਟੀਕਲ ਪਾਰਕ ਦਾ ਵਿਕਾਸ ਕੀਤਾ ਜਾ ਰਿਹਾ ਜਿੱਥੇ ਹਿਮਾਚਲ ਦੇ ਬੱਦੀ ਜ਼ਿਲ੍ਹੇ ਵਿੱਚ ਸਥਿਤ ਕੰਪਨੀਆਂ ਹੁਣ ਪੰਜਾਬ ਵਿੱਚ ਆ ਕੇ ਕਾਰੋਬਾਰ ਕਰਨਗੀਆਂ। ਰਾਜਪੁਰਾ ਵਿੱਚ 1157 ਏਕੜ, ਮੱਤੇਵਾਲਾ ਰੋਡ ਲੁਧਿਆਣਾ ਵਿੱਚ 1100 ਏਕੜ ਅਤੇ ਬਠਿੰਡਾ ਵਿੱਚ 1 ਹਜ਼ਾਰ ਏਕੜ ਇਡਸਟਰੀਅਲ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਸਨਅਤੀ ਫੋਕਲ ਪੁਆਇੰਟ ’ਤੇ 10 ਕਰੋੜ ’ਚੋਂ 52.03 ਲੱਖ ਰੁਪਏ ਜ਼ਮੀਨ ਪੱਧਰ ਕਰਨ ਅਤੇ ਚਾਰ ਦੀਵਾਰੀ ਕਰਨ ਤੇ 771.89 ਲੱਖ ਰੁਪਏ ਸੜਕਾਂ ਬਣਾਉਣ ਤੇ 10.65 ਲੱਖ ਰੁਪਏ ਵਾਟਰ ਸਪਲਾਈ ਤੇ, 146.99 ਕਰੋੜ ਰੁਪਏ ਬਿਜਲੀ, 10.69 ਲੱਖ ਰੁਪਏ ਗਲੀਆਂ ਨਾਲੀਆਂ ਤੇ ਲਗਾਏ ਜਾਣਗੇ। ਇਹ ਸਾਰਾ ਕੰਮ 1 ਸਾਲ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਮਹੁੰਮਦ ਸਦੀਕ,ਸਾਬਕਾ ਮੰਤਰੀ ਡਾ.ਮਾਲਕੀ ਥਾਪਰ, ਦਰਸ਼ਨ ਸਿੰਘ ਬਰਾੜ ਤੇ ਡਾ.ਹਰਜੋਤ ਕਮਲ ਸਿੰਘ ਦੋਵੇਂ ਵਿਧਾਇਕ ਤੇ ਹੋਰ ਕਾਂਗਰਸੀ ਆਗੂ ਅਤੇ ਅਧਿਕਾਰੀ ਮੌਜੂਦ ਸਨ।
ਕੋਟਕਪੂਰਾ ਦੇ ਫੋਕਲ ਪੁਆਇੰਟ ’ਤੇ ਦਸ ਕਰੋੜ ਰੁਪਏ ਖਰਚਣ ਦਾ ਐਲਾਨ
ਕੋੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਉਦਯੋੋਗਿਕ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੋੜਾ ਨੇ ਕੋੋਟਕਪੂਰਾ ਵਿਖੇ ਇੰਡਸਟਰੀਅਲ ਇੰਨਫਰਾਸਟਰਕਚਰ ਡਿਵੈਲਪਮੈਂਟ (ਆਈ ਆਈ ਡੀ) ਪ੍ਰਾਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇੰਡਸਟਰੀਅਲ ਫੋੋਕਲ ਪੁਆਇੰਟ ਕੋੋਟਕਪੂਰਾ ਦੇ ਨਵੀਨੀਕਰਨ ਤੇ 10 ਕਰੋੋੜ ਦੇ ਕਰੀਬ ਰਾਸ਼ੀ ਖਰਚ ਕੀਤੀ ਜਾਵੇਗੀ।