ਪੱਤਰ ਪ੍ਰੇਰਕ
ਮਾਨਸਾ, 25 ਜੂਨ
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜ ਚੁੱਕੇ ਅਤੇ ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪੰਜਾਬ ਦੇ ਪੇਂਡੂ ਵਿਕਾਸ ਵਿਭਾਗ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਨੂੰ ਆਈਆਂ ਹਨ, ਜਿਨ੍ਹਾਂ ਦੀ ਰਾਸ਼ੀ ਪ੍ਰਤੀ ਜ਼ਿਲ੍ਹਾ ਕਰੋੜਾਂ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਪਰ ਸਰਕਾਰੀ ਗ੍ਰਾਂਟਾ ਦੀ ਦੁਰਵਰਤੋਂ ਕਰ ਰਹੀ ਹੈ, ਇਸ ’ਤੇ ਕੇਂਦਰ ਸਰਕਾਰ ਤਿਰਸ਼ੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਨਗੇ ਕਿ ਇਹ ਪੈਸਾ ਪੰਜਾਬ ਵਿੱਚ ਵਰਤਿਆ ਜਾਵੇ ਤਾਂ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਲਈ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲਈ ਵਰਤਿਆ ਜਾ ਸਕਦਾ ਹੈ, ਪਰ ਪੰਚਾਇਤਾਂ ਭੰਗ ਹਨ। ਉਨ੍ਹਾਂ ਕਿਹਾ ਕਿ ਬਿਹਤਰ ਇਹ ਹੈ ਕਿ ਇਹ ਪੈਸਾ ਰੋਕ ਲਿਆ ਜਾਵੇ ਅਤੇ ਪੰਚਾਇਤੀ ਚੋਣਾਂ ਤੋਂ ਬਾਅਦ ਨਵੀਆਂ ਪੰਚਾਇਤਾਂ ਦਾ ਗਠਨ ਹੋਣ ਉਪਰੰਤ ਪਿੰਡਾਂ ਦੇ ਲੋੜੀਂਦੇ ਵਿਕਾਸ ਅਤਿ ਜ਼ਰੂਰੀ ਕੰਮਾਂ ਲਈ ਪੈਸਾ ਵਰਤਿਆ ਜਾਵੇ।
ਪਰਮਪਾਲ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਪੈਸੇ ਦੀ ਦੁਰਵਰਤੋ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਮੋਦੀ ਸਰਕਾਰ ਨੂੰ ਅਪੀਲ ਕਰਨਗੇ ਕਿ ਇਸ ਪੈਸੇ ’ਤੇ ਰੋਕ ਲਗਾਈ ਜਾਵੇ ਤਾਂ ਜੋ ਸਮਾਂ ਆਉਣ ਉਤੇ ਪੈਸਾ ਪਿੰਡਾਂ ਦੇ ਸਾਂਝੇ ਵਿਕਾਸ ਕੰਮਾਂ ਲਈ ਵਰਤਿਆ ਜਾ ਸਕੇ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਆਏ ਫੰਡਾਂ ’ਤੇ ਤਿਰਸ਼ੀ ਨਜ਼ਰ ਰੱਖਣ ਕਿ ਇਹ ਪੈਸਾ ਜ਼ਰੂਰੀ ਕੰਮਾਂ ਤੇ ਲੱਗ ਰਿਹਾ ਹੈ ਅਤੇ ਜੇਕਰ ਇਸ ਦੁਰਵਰਤੋ ਹੁੰਦੀ ਹੈ ਤਾਂ ਉਸ ਦੀ ਲਿਖਤੀ ਸ਼ਿਕਾਇਤ ਉਨ੍ਹਾਂ ਨੂੰ ਦਿੱਤੀ ਜਾਵੇ।