ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 11 ਜੁਲਾਈ
ਮੋਗਾ ਫ਼ਿਰੋਜ਼ਪੁਰ ਮਾਰਗ ਸਥਿਤ ਪਿੰਡ ਦਾਰਾਪੁਰ ਵਿੱਚ ਬੈਂਕ ਗਾਰਡ ਦੀ ਬਹਾਦਰੀ ਨੇ ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਜਿਸ ਦੀ ਚੁਫ਼ੇਰਿਉਂ ਸ਼ਲਾਘਾ ਕੀਤੀ ਜਾ ਰਹੀ ਹੈ। ਪਰ ਉਹ ਇਸ ਘਟਨਾ ਦੌਰਾਨ ਉਹ ਖ਼ੁਦ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਰਾਪੁਰ ਸਥਿਤ ਇੰਡਸਇੰਡ ਬੈਂਕ ਵਿੱਚ ਤਿੰਨ ਹਥਿਆਰਬੰਦ ਲੁਟੇਰੇ ਬੈਂਕ ਲੁੱਟਣ ਦੀ ਨੀਅਤ ਨਾਲ ਬੈਂਕ ਵਿੱਚ ਦਾਖ਼ਲ ਹੋਣ ਲੱਗੇ ਤਾਂ ਬੈਂਕ ਦੇ ਗਾਰਡ ਸੁਖਮੰਦਰ ਸਿੰਘ ਨੇ ਉਨ੍ਹਾਂ ਨੂੰ ਮੂੰਹ ਨੰਗੇ ਕਰ ਕੇ ਆਉਣ ਲਈ ਆਖਿਆ ਤਾਂ ਉਨ੍ਹਾਂ ਨੇ ਤਲਵਾਰ ਨਾਲ ਗਾਰਡ ਉੋੱਪਰ ਵਾਰ ਕਰ ਦਿੱਤੇ। ਉਸ ਨੇ ਬਹਾਦਰੀ ਵਿਖਾਉਂਦਿਆਂ ਆਪਣੀ ਗੰਨ ਨਾਲ ਸੁਰੱਖਿਆ ਲਈ ਫ਼ਾਇਰ ਕੀਤੇ ਤਾਂ ਉਹ ਤਲਵਾਰਾਂ ਲਹਿਰਾਉਂਦੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਵਾਰਦਾਤ ਦੀ ਵੀਡੀਉ ਵਿੱਚ ਉਹਨਾਂ ਜਾਂਦਿਆਂ ਹੋਇਆਂ ਫ਼ਾਇਰ ਵੀ ਕੀਤੇ।
ਮੈਨੇਜਰ ਅਜਮੇਰ ਸਿੰਘ ਨੇ ਸੁਰੱਖਿਆ ਗਾਰਡ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਜ਼ਖ਼ਮੀਂ ਹੋਏ ਗਾਰਡ ਨੂੰ ਹਸਪਤਾਲ ਪਾਹੁੰਚਾਇਆ ਗਿਆ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।