ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਪਰੈਲ
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟਖ਼ੋਰੀ ਨੂੰ ਠੱਲ੍ਹਣ ਲਈ ਸ਼ੁਰੂ ਕੀਤੀ ਚੈਕਿੰਗ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਤੋਂ ਆਈ ਸਿਹਤ ਟੀਮ ਨੇ ਬਰਨਾਲਾ ਸ਼ਹਿਰ ਅੰਦਰ ਵੱਖ-ਵੱਖ ਥਾਈਂ ਛਾਪੇ ਮਾਰ ਕੇ ਅੱਠ ਦੁਕਾਨਾਂ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਭਰੇ।
ਜ਼ਿਲ੍ਹਾ ਸਿਹਤ ਅਫ਼ਸਰ ਮਾਨਸਾ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਟੀਮ ਨੇ ਬਿਨਾਂ ਕਿਸੇ ਨੂੰ ਕੋਈ ਸੂਹ ਲੱਗਣ ਦੇ ਤੜਕਸਾਰ ਹੀ ਸ਼ਹਿਰ ਦੀਆਂ ਡੇਅਰੀਆਂ, ਮਿਠਿਆਈ ਵਾਲੀਆਂ ਦੁਕਾਨਾਂ, ਕਨਫੈਕਸ਼ਨਰੀਆਂ ਅਤੇ ਹੋਰ ਦੁੱਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਉਪਰ ਜਾਂਚ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਨੂੰ ਬਿਨਾਂ ਕਿਸੇ ਮਿਲਾਵਟ ਦੇ ਸ਼ੁੱਧ ਦੁੱਧ ਉਪਲੱਬਧ ਕਰਵਾਉਣ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਬਣਾਉਟੀ ਰਸਾਇਣਕ ਦੁੱਧ, ਮਿਲਾਵਟੀ ਘਿਓ, ਪਨੀਰ, ਲੱਸੀ, ਆਈਸ ਕਰੀਮ ਅਤੇ ਮਿਠਿਆਈਆਂ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਰਨਾਲਾ ਵਿੱਚੋਂ ਪ੍ਰਾਪਤ ਕੀਤੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।