ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਗਸਤ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਕਿ 15 ਅਗਸਤ ਤੋਂ ਮੁਹੱਲਾ ਕਲੀਨਿਕ ਖੋਲ੍ਹਣ ਦੇ ਵੱਡੇ-ਵੱਡੇ ਦਮਗਜ਼ੇ ਮਾਰ ਰਹੀ ਹੈ ਪਰ ਅਸਲ ਵਿੱਚ ਸੂਬੇ ਦੇ ਲੋਕਾਂ ਨੂੰ ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਸਿਹਤ ਸਹੂਲਤਾਂ ਦਾ ਵੀ ਮਾੜਾ ਹਾਲ ਹੋਇਆ ਪਿਆ ਹੈ। ਸਰਕਾਰ ਨੇ ਪੀਜੀਆਈ ਚੰਡੀਗੜ੍ਹ ਵਿੱਚ ਤਾਂ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਹੈ, ਪਰ ਮਾਨਸਾ ਜ਼ਿਲ੍ਹੇ ਵਿੱਚ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਕੁੱਝ ਮਹੀਨੇ ਪਹਿਲਾਂ ਜਿੱਥੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੇ ਸਰਕਾਰ ਵੱਲੋਂ ਪੈਸੇ ਨਾ ਦਿੱਤੇ ਜਾਣ ਕਰ ਕੇ ਇਸ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ ਉੱਥੇ ਹੀ ਅੱਜ ਨਵੇਂ ਸਿਰੇ ਤੋਂ ਮੁੜ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਨ੍ਹਾਂ ਦਾ ਬਕਾਇਆ ਨਹੀਂ ਦਿੱਤਾ ਜਾਂਦ, ਉਦੋਂ ਤੱਕ ਇਲਾਜ ਬੰਦ ਰਹੇਗਾ। ਪ੍ਰਾਈਵੇਟ ਹੀ ਨਹੀਂ ਬਲਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਇਸ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਲਗਪਗ ਬੰਦ ਹੋ ਗਿਆ ਹੈ।
ਮਾਨਸਾ ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਨਿੱਜੀ ਹਸਪਤਾਲ ਆਯੂਸ਼ਮਾਨ ਸਕੀਮ ਤਹਿਤ ਗਰੀਬਾਂ ਦਾ ਇਲਾਜ ਕਰਦੇ ਆ ਰਹੇ ਸਨ, ਪਰ ਹੁਣ ਜਦੋਂ ਸਰਕਾਰ ਵੱਲ ਨਿੱਜੀ ਹਸਪਤਾਲਾਂ ਦੇ ਕਰੋੜਾਂ ਰੁਪਏ ਰੁਕ ਗਏ ਤਾਂ ਉਨ੍ਹਾਂ ਨੇ ਵੀ ਇਸ ਸਕੀਮ ਤਹਿਤ ਲੋਕਾਂ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ ਨਿੱਜੀ ਹਸਪਤਾਲਾਂ ਦੇ ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ ਖੜ੍ਹੇ ਹਨ, ਜਿਸ ਲਈ ਮਿੰਨਤਾਂ-ਤਰਲੇ ਕਰਨ ਅਤੇ ਅਧਿਕਾਰੀਆਂ ਦੀਆਂ ਦਰਜਨਾਂ ਮੀਟਿੰਗਾਂ ਹੋਣ ਤੋਂ ਬਾਅਦ ਵੀ ਅਦਾਇਗੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਿੱਜੀ ਹਸਪਤਾਲਾਂ ਦੇ ਡਾਕਟਰ ਓਨਾ ਚਿਰ ਇਸ ਸਕੀਮ ਅਧੀਨ ਲੋਕਾਂ ਦਾ ਇਲਾਜ ਨਹੀਂ ਕਰਨਗੇ, ਜਿੰਨਾ ਚਿਰ ਉਨ੍ਹਾਂ ਦੀਆਂ ਰਹਿੰਦੀਆਂ ਅਦਾਇਗੀਆਂ ਨਹੀਂ ਕੀਤੀਆਂ ਜਾਂਦੀਆਂ।
ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਯੋਜਨਾ ਦੀ ਲੋੜ ਹੀ ਨਹੀਂ ਪੈਣੀ: ਵਿਧਾਇਕ
ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਹੁਣ ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਸਭ ਦਾ ਇਲਾਜ ਉੱਥੇ ਹੀ ਹੋ ਜਾਇਆ ਕਰੇਗਾ ਅਤੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੀ ਜ਼ਰੂਰਤ ਹੀ ਨਹੀਂ ਪਵੇਗੀ। ਉੱਧਰ, ਸਿਵਲ ਹਸਪਤਾਲ ਮਾਨਸਾ ਦੀ ਐੱਸਐੱਮਓ ਡਾ. ਰੂਬੀ ਨੇ ਇਸ ਸਬੰਧੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ ਇਹ ਸਕੀਮ ਬੰਦ ਨਹੀਂ ਹੋਈ ਹੈ ਪਰ ਸਰਕਾਰ ਵੱਲੋਂ ਨਵੀਂ ਤੇ ਪੁਰਾਣੀ ਰੁਕੀ ਹੋਈ ਰਾਸ਼ੀ ਨਹੀਂ ਭੇਜੀ ਗਈ ਹੈ ਜਿਸ ਦੀ ਬੇਸਬਰੀ ਨਾਂਲ ਉਡੀਕ ਕੀਤੀ ਜਾ ਰਹੀ ਹੈ।