ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਦਸੰਬਰ
ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਸਮੂਲੀਅਤ ਨੇ ਕਿਸਾਨ ਸੰਘਰਸ਼ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਮੂਲ ਰੂਪ ’ਚ ਇਸ ਜ਼ਿਲ੍ਹੇ ਦੇ ਕਸਬਾ ਸਮਾਲਸਰ ਦੇ ਅਮਰੀਕਾ ਦੇ ਸ਼ਹਿਰ ਸੈਂਕਰਾਮੈਂਟੋ ਵਿੱਚ ਰਹਿੰਦੇ ਨੌਜਵਾਨ ਗੁਰਪ੍ਰੀਤ ਸਿੰਘ ਬਰਾੜ ਨੇ ਆਪਣੀਆਂ ਦਿਲ ਟੁੰਬਵੀਆਂ ਪੇਂਟਿੰਗਾਂ ਨਾਲ ਜਿਥੇ ਅੰਦੋਲਨ ’ਚ ਨਵਾਂ ਜੋਸ਼ ਤੇ ਜਜ਼ਬਾ ਭਰਿਆ ਹੈ ਉਥੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਸੰਘਰਸ਼ ਨਾਲ ਜੋੜ ਵੀ ਰਿਹਾ ਹੈ। ਦੁਨੀਆ ਦੀਆਂ ਮਸ਼ਹੂਰ ਹਸਤੀਆਂ ਪੇਂਟਿੰਗਾਂ ਨੂੰ ਆਪਣੇ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੀਆਂ ਹਨ ਤੇ ਅਮਰੀਕਾ ਦੇ ਕਈ ਪ੍ਰਸਿੱਧ ਅਦਾਰੇ ਇੰਨ੍ਹਾਂ ਪੇਟਿੰਗਾਂ ਨੂੰ ਆਪਣੇ ਦਫਤਰਾਂ ਵਿੱਚ ਸ਼ਸ਼ੋਭਿਤ ਕਰ ਰਹੇ ਹਨ। ਜ਼ਿਲ੍ਹਾ ਰੂਰਲ ਐੱਨਜੀਓ ਕਲੱਬਜ਼ ਐਸੋਸੀਏਸ਼ਨ ਚੇਅਰਮੈਨ ਮਹਿੰਦਰਪਾਲ ਲੂੰਬਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਪਰਵਾਸੀ ਪੰਜਾਬੀਆਂ, ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਸਮੂਲੀਅਤ ਨਾਲ ਅੰਦੋਲਨ ’ਚ ਨਵਾਂ ਜੋਸ਼ ਤੇ ਜ਼ਜਬਾ ਪੈਦਾ ਹੋਇਆ ਹੈ। ਪਰਵਾਸੀ ਪੰਜਾਬੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ’ਤੇ ਵੀ ਪਵੇਗਾ। ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਦੇਸ਼ ਦਾ ਅੰਨਦਾਤਾ ਸੰਘਰਸ਼ ਕਰ ਰਿਹਾ ਹੈ। ਉਹ ਭਾਵੇਂ ਵਿਦੇਸਾਂ ’ਚ ਹਨ ਪਰ ਉਹ ਪਰਿਵਾਰਾਂ ,ਜਨਮ ਭੂਮੀ, ਖੇਤੀ ਨਾਲ ਹੀ ਜੁੜੇ ਹੋਏ ਹਨ।