ਇਕਬਾਲ ਸਿੰਘ ਸ਼ਾਂਤ
ਲੰਬੀ, 2 ਸਤੰਬਰ
ਕੌਮੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਸੜਕੀ ਵਿਕਾਸ ਤਹਿਤ ਦਿੱਖ ਸੰਵਾਰਦੇ-ਸੰਵਾਰਦੇ ਖੇਤਰ ਦੇ ਪਿੰਡਾਂ ਦੇ ਨਾਂਅ ਵਿਗਾੜ ਦਿੱਤੇ ਹਨ। ਡੱਬਵਾਲੀ-ਮਲੋਟ ਜਰਨੈਲੀ ਸੜਕ-9 ਦੇ ਬਹੁਕਰੋੜੀ ਚਾਰ ਮਾਰਗੀਕਰਨ ਤਹਿਤ ਲਗਾਏ ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡਾਂ ਦੇ ਨਾਵਾਂ ਵਿੱਚ ਖਾਮੀਆਂ ਦੀ ਭਰਮਾਰ ਹੈ। ਮਾਂ-ਬੋਲੀ ਪੰਜਾਬੀ ਵਿੱਚ ਨਾਂਅ ਲਿਖਣ ਸਮੇਂ ਪਿੰਡਾਂ ਦਾ ਨਾਵਾਂ ਦੇ ਮਾਅਨੇ ਹੀ ਤਬਦੀਲ ਕਰ ਦਿੱਤੇ ਗਏ। ਇਹ ਦਿਸ਼ਾ ਸੂਚਕ ਬੋਰਡ ਡੱਬਵਾਲੀ ਤੋਂ ਮਲੋਟ ਤੱਕ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਹਨ, ਜਿਨ੍ਹਾਂ ’ਤੇ ਪਿੰਡ ਪੰਜਾਵਾ ਦਾ ਨਾਂਅ ਵਿਗਾੜ ਕੇ ‘ਪੰਜਵਾਂ’ ਕਰ ਦਿੱਤਾ ਗਿਆ। ਪਿੰਡ ਤੱਪਾ ਖੇੜਾ ਦਾ ਨਾਂਅ ‘ਟੱਪਾ ਖੇੜਾ’ ਕਰ ਦਿੱਤਾ ਗਿਆ। ਇਸੇ ਤਰ੍ਹਾਂ ਆਧਨੀਆਂ ਪਿੰਡ ਦਾ ਨਾਂਅ ‘ਅਧਨੀਆਂ’ ਕਰ ਦਿੱਤਾ। ਭਾਸ਼ਾਈ ਅਗਿਆਨਤਾ ਤਹਿਤ ਪਿੰਡ ਚੰਨੂੰ ਦੀ ਇੱਕ ਟਿੱਪੀ ਉਡਾ ਕੇ ‘ਚੰਨੂ’ ਅਤੇ ਡੱਬਵਾਲੀ ਮਲਕੋ ਕੀ ਨੂੰ ‘ਡੱਬਵਾਲੀ ਮਲਕੋਕੀ’ ਕਰ ਦਿੱਤਾ ਗਿਆ। ਪਿੰਡ ਅਬੁੱਲਖੁਰਾਣਾ ਅਤੇ ਖੁੱਡੀਆਂ ਦੇ ਨਾਵਾਂ ਉੱਪਰੋਂ ‘ਅੱਧਕ’ ਉਡਾ ਕੇ ਅਬੁਲਖੁਰਾਣਾ ਅਤੇ ਖੁਡੀਆਂ ਕਰ ਦਿੱਤਾ ਗਿਆ। ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡ ਖੁੱਡੀਆਂ ਮਹਾਂ ਸਿੰਘ ਅਤੇ ਖੁੱਡੀਆਂ ਗੁਲਾਬ ਸਿੰਘ ਨੂੰ ਇੱਕ ਦਰਸਾ ਕੇ ਸਿਰਫ਼ ‘ਖੁਡੀਆਂ’ ਲਿਖ ਦਿੱਤਾ ਗਿਆ। ਐੱਨਐੱਚਏਆਈ ਅਮਲੇ ਨੇ ਪੰਜਾਬੀ ਭਾਸ਼ਾ ਵਿੱਚ ਪਿੰਡਾਂ ਦੇ ਨਾਂਅ ਬਿਨਾਂ ਜਾਂਚ-ਪਰਖੇ ਦਿਸ਼ਾ ਸੂਚਕ ਬੋਰਡਾਂ ’ਤੇ ਪ੍ਰਕਾਸ਼ਿਤ ਕਰਵਾ ਕੇ ਕਾਗਜ਼ੀ ਪੱਤਰੀ ਬੁੱਤਾ ਸਾਰ ਦਿੱਤਾ। ਇਸ ਮਾਮਲੇ ਵਿੱਚ ਪੰਜਾਬੀ ਭਾਸ਼ਾ ਤੋਂ ਜਾਣੂ ਸਥਾਨਕ ਪ੍ਰਸ਼ਾਸਨ ਤੰਤਰ ਦੀ ਚੁੱਪੀ ਵੀ ਸੁਆਲ ਖੜ੍ਹੇ ਕਰਦੀ ਹੈ। ਇਸ ਨਾਂਅ-ਵਿਗਾੜੀ ਤੋਂ ਖੇਤਰ ਵਾਸੀ ਅਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਵਿੱਚ ਖਾਸਾ ਰੋਸ ਹੈ।