ਜੋਗਾ: ਇਥੇ ਜੋਗਾ ਵਾਸੀ ਬੇਜ਼ਮੀਨੇ ਮਜ਼ਦੂਰਾਂ, ਦਲਿਤਾਂ, ਗਰੀਬਾਂ ਨੇ ਰਿਹਾਇਸ਼ੀ ਪਲਾਟ ਲੈਣ ਲਈ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਨਗਰ ਪੰਚਾਇਤ ਜੋਗਾ ਦੇ ਦਫ਼ਤਰ ਅੱਗੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮਜ਼ਦੂਰਾਂ ਦੇ ਸੰਘਰਸ਼ ਦੀ ਬਦੌਲਤ ਭਾਵੇਂ ਚੰਨੀ ਸਰਕਾਰ ਨੇ ਪਲਾਟ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਪੰਚਾਇਤਾਂ ਅਤੇ ਆਫਸਰਸ਼ਾਹੀ ਗਰੀਬਾਂ ਨੂੰ ਪਲਾਟ ਦੇਣ ਦੀ ਥਾਂ ਮਨਮਰਜ਼ੀ ਦੀਆਂ ਸ਼ਰਤਾਂ ਰੱਖ ਕੇ ਪ੍ਰੇਸ਼ਾਨ ਕਰ ਰਹੇ ਹਨ। ਕਾਮਰੇਡ ਮਨਜੀਤ ਕੌਰ ਜੋਗਾ ਨੇ ਕਿਹਾ ਬੇਘਰੇ ਗਰੀਬਾਂ ਨੂੰ ਨਗਰ ਕੌਂਸਲ, ਨਗਰ ਪੰਚਾਇਤਾਂ, ਰਿਹਾਇਸ਼ੀ ਕਲੋਨੀਆਂ ਬਣਾ ਕੇ ਦੇਣ। ਉਨ੍ਹਾਂ ਕਿਹਾ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। -ਪੱਤਰ ਪ੍ਰੇਰਕ