ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਦਸੰਬਰ
ਸੂਬਾ ਸਰਕਾਰ ਵੱਲੋਂ ਹਰ ਹਲਕੇ ਵਿੱਚ ਛੇ ਲਾਇਬਰੇਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨਾਲ ਪਿੰਡ ਦੀਵਾਨਾ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਦੀ ਲਾਇਬਰੇਰੀ ਲਈ ਇਮਾਰਤ ਬਣਾਉਣ ਦਾ ਵਾਅਦਾ ਪੂਰਾ ਕਰਨ ਦੀ ਆਸ ਬੱਝ ਗਈ ਹੈ। ਪਿੰਡ ਵਾਸੀਆਂ ਨੇ ਪਿੰਡ ਵਿੱਚ ਆਧੁਨਿਕ ਲਾਇਬਰੇਰੀ ਬਣਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਸੰਸਦ ਮੈਂਬਰ ਹੁੰਦਿਆਂ ਦੀਵਾਨਾ ਵਿਖੇ ਲਾਇਬਰੇਰੀ ਦੀ ਇਮਾਰਤ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਵੀ ਪੂਰਾ ਨਹੀਂ ਹੋਇਆ। ਪਿੰਡ ਦੇ ਕਮਿਊਨਟੀ ਸੈਂਟਰ ਵਿੱਚ ਹੀ ਕਈ ਸਾਲਾਂ ਤੋਂ ਲਾਇਬਰੇਰੀ ਚਲਾਈ ਜਾ ਰਹੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਜੋ ਕਿ ਇਲਾਕੇ ਦੇ ਲੋਕਾਂ ਲਈ ਸਾਹਿਤਕ ਪੜ੍ਹਨ ਲਈ ਪਿਛਲੇ ਲੰਬੇ ਸਮੇਂ ਤੋਂ ਚਾਨਣਾ ਮੁਨਾਰਾ ਬਣੀ ਹੋਈ ਹੈ। ਇਸ ਲਾਇਬਰੇਰੀ ਵਿੱਚ ਛੇ ਹਜ਼ਾਰ ਤੋਂ ਵੱਧ ਕਿਤਾਬਾਂ ਹਨ ਅਤੇ ਇਲਾਕੇ ਦੇ ਕਈ ਪਿੰਡਾਂ ਤੋਂ ਪਾਠਕ ਜੁੜੇ ਹੋਏ ਹਨ। ਦੋ ਓਪਨ ਮਿੰਨੀ ਲਾਇਬਰੇਰੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰਬੰਧਕਾਂ ਨੇ ਸਰਕਾਰ ਦੇ ਲਾਇਬਰੇਰੀਆਂ ਬਣਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਥੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਿੰਡ ਵਾਸੀਆਂ ਨਾਲ ਕੀਤੇ ਵਾਅਦੇ ਤਹਿਤ ਲਾਇਬਰੇਰੀ ਦੀ ਆਧੁਨਿਕ ਇਮਾਰਤ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ। ਉਥੇ ਇਸ ਸਬੰਧੀ ਪਿੰਡ ਦੇ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਉਹ ਪੰਚਾਇਤ ਵਲੋਂ ਬਾਕਾਇਦਾ ਮਤਾ ਪਾ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਦੇ ਰਹੇ ਹਨ। ਉਨ੍ਹਾਂ ਦੇ ਪਿੰਡ ਪਹਿਲਾਂ ਤੋਂ ਚੰਗੇ ਤਰੀਕੇ ਨਾਲ ਲਾਇਬਰੇਰੀ ਚੱਲ ਰਹੀ ਹੈ। ਕਿਤਾਬਾਂ ਪੜ੍ਹਨ ਦੇ ਸ਼ੌਕੀਨ ਪਾਠਕਾਂ ਲਈ ਸਰਕਾਰ ਸਾਡੇ ਪਿੰਡ ਦੀਵਾਨਾ ਨੂੰ ਪਹਿਲ ਦੇ ਆਧਾਰ ’ਤੇ ਲਾਇਬਰੇਰੀ ਦੀ ਇਮਾਰਤ ਬਣਾ ਕੇ ਦੇਵੇ।