ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 22 ਜੂਨ
ਇੱਥੇ ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਕਸਬੇ ਨੇੜਲੇ ਪਿੰਡ ਸੇਲਬਰਾਹ, ਗੁੰਮਟੀ ਕਲਾਂ, ਬੁਰਜਗਿੱਲ ਅਤੇ ਕਾਲੌਕੇ ਵਿੱਚ ਕਾਫੀ ਨੁਕਸਾਨ ਕਰ ਦਿੱਤਾ, ਜਿਸ ਕਾਰਨ ਕਈ ਤੂੜੀ ਵਾਲੇ ਕੋਠਿਆਂ ਦੀਆਂ ਟੀਨਾਂ ਉੱਡ ਗਈਆਂ, ਰੁੱਖ ਪੁੱਟੇ ਗਏ, ਦਰੱਖਤਾਂ ਦੇ ਸੜਕਾਂ ਉੱਪਰ ਡਿੱਗਣ ਕਾਰਨ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਬਿਜਲੀ ਦੇ ਖੰਭਿਆਂ ‘ਤੇ ਥਾਂ-ਥਾਂ ਦਰੱਖ਼ਤ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਖੇਤਾਂ ਵਿੱਚ ਮੋਟਰਾਂ ਉੱਤੇ ਲੱਗੇ ਟਰਾਂਸਫਾਰਮਰ ਖੰਭੇ ਟੁੱਟ ਪਏ, ਝੱਖੜ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਪਾਵਰਕੌਮ ਵੱਲੋਂ ਗਰਿੱਡਾਂ ਨੂੰ ਸਪਲਾਈ ਦੇਣ ਲਈ ਖੇਤਾਂ ਵਿੱਚ ਲਗਾਏ ਵੱਡੇ ਟਾਵਰ ਵੀ ਟੁੱਟ ਗਏ।
ਸੇਲਬਰਾਹ ਦੇ ਕਿਸਾਨ ਗੁਰਬਿੰਦਰ ਸਿੰਘ ਬਾਠ ਨੇ ਕਿਹਾ ਕਿ ਹਨੇਰੀ ਕਾਰਨ ਸਭ ਤੋਂ ਵੱਧ ਨੁਕਸਾਨ ਪਾਵਰਕੌਮ ਦਾ ਹੋਇਆ। ਵੱਡੇ ਪੱਧਰ ’ਤੇ ਖੰਭੇ ਅਤੇ ਟਰਾਂਸਫਾਰਮਰ ਡਿੱਗਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ ਹੈ ਜਿਸ ਨੂੰ ਚਾਲੂ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਜੇਕਰ ਬਿਜਲੀ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਝੋਨਾ ਲਗਾ ਰਹੇ ਕਿਸਾਨਾਂ ਨੂੰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਐੱਸਡੀਓ ਭਾਈਰੂਪਾ ਪਰਵੀਨ ਕੁਮਾਰ ਅਤੇ ਜੇਈ ਲਖਵਿੰਦਰ ਸਿੰਘ ਨੇ ਕਿਹਾ ਬਿਜਲੀ ਕਰਮਚਾਰੀ ਬਿਜਲੀ ਸਪਲਾਈ ਚਾਲੂ ਕਰਨ ਵਿੱਚ ਜੁਟੇ ਹੋਏ ਹਨ ਖੇਤਾਂ ਵਿੱਚ ਬਹੁਤ ਜ਼ਿਆਦਾ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਖੇਤੀ ਸੈਕਟਰ ਲਈ ਸਪਲਾਈ ਚਾਲੂ ਕਰਨ ਵਿੱਚ ਇੱਕ ਦੋ ਲੱਗ ਸਕਦੇ ਹਨ ਪਰ ਸ਼ਹਿਰੀ ਸਪਲਾਈ ਜਲਦੀ ਚਾਲੂ ਕਰ ਦਿੱਤੀ ਜਾਵੇਗੀ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆਂ): ਖੇਤਰ ਦੇ ਪਿੰਡ ਪੱਕਾ ਸ਼ਹੀਦਾਂ ਤੇ ਕਮਾਲ ਵਿੱਚ ਮੀਂਹ ਦੇ ਨਾਲ ਆਏ ਝੱਖੜ ਨਾਲ ਖੇਤਾਂ ਵਿੱਚ ਬਿਜਲੀ ਦੇ ਟਰਾਂਸਫਾਰਮਰ, ਖੰਭੇ ਅਤੇ ਰੁੱਖ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਬਿਜਲੀ ਸਪਲਾਈ ਵਿੱਚ ਵਿਘਣ ਪਿਆ ਅਤੇ ਸੜਕ ਕਿਨਾਰੇ ਲੱਗੇ ਰੁੱਖ ਡਿੱਗਣ ਨਾਲ ਸੜਕੀ ਆਵਾਜਾਈ ਠੱਪ ਹੋ ਗਈ। ਇਸ ਮੀਂਹ ਅਤੇ ਝੱਖੜ ਨਾਲ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਲੋਕਾਂ ਨੂੰ ਸਖ਼ਤ ਗਰਮੀ ਤੋਂ ਰਾਹਤ ਵੀ ਮਿਲੀ ਹੈ।
ਖੇਤਰ ਦੇ ਪਿੰਡ ਪੱਕਾ ਸ਼ਹੀਦਾਂ ਦੇ ਕਿਸਾਨ ਗੁਰਦੀਪ ਸਿੰਘ, ਸਿਕੰਦਰ ਸਿੰਘ, ਮੋਹਨ ਸਿੰਘ, ਗੁਰਤਾਰ ਸਿੰਘ, ਅਮਰੀਕ ਸਿੰਘ, ਸੰਧੂਰਾ ਸਿੰਘ, ਨਵਜੋਤ ਸਿੰਘ, ਗੁਰਮੇਲ ਸਿੰਘ ਤੇ ਗੋਰਾ ਸਿੰਘ ਆਦਿ ਨੇ ਦੱਸਿਆ ਕਿ ਮੀਂਹ ਨਾਲ ਆਏ ਝੱਖੜ ਨਾਲ ਪਿੰਡ ਦੇ ਕਈ ਕਿਸਾਨਾਂ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰ ਅਤੇ ਖੰਭੇ ਡਿੱਗਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਨਾਲ ਨਰਮੇ ਅਤੇ ਗੁਆਰੇ ਆਦਿ ਫਸਲਾਂ ਨੂੰ ਵੀ ਲਾਭ ਹੋਇਆ ਹੈ।