ਸ਼ਗਨ ਕਟਾਰੀਆ
ਜੈਤੋ, 12 ਅਕਤੂਬਰ
ਇੱਥੋਂ ਦੇ 15, 16 ਤੇ 17 ਨੰਬਰ ਵਾਰਡ ਦੇ ਵਸਨੀਕਾਂ ਵੱਲੋਂ ਅੱਜ ਮੁਕਤਸਰ ਨੇੜੇ ਚੌਕ ਵਿੱਚ ਬੇਮਿਆਦੀ ਧਰਨਾ ਸ਼ੁਰੂ ਕੀਤਾ ਗਿਆ। ਇਹ ਧਰਨਾ ਤਿੰਨਾਂ ਵਾਰਡਾਂ ’ਚ ਗਲੀਆਂ, ਨਾਲੀਆਂ, ਸੜਕਾਂ ਅਤੇ ਸੀਵਰੇਜ ਦੀ ‘ਦੁਰਦਸ਼ਾ’ ਦਰੁਸਤ ਕਰਨ ਦੀ ਮੰਗ ਲਈ ਲਾਇਆ ਗਿਆ। ਧਰਨੇ ਦੀ ਅਗਵਾਈ ਕਰ ਰਹੇ ਸਾਬਕਾ ਕੌਂਸਲਰ ਡਾ. ਬਲਵਿੰਦਰ ਸਿੰਘ ਅਨੁਸਾਰ ਤਿੰਨੇ ਵਾਰਡਾਂ ’ਚ ਬਹੁਗਿਣਤੀ ਗਰੀਬ ਪਰਿਵਾਰਾਂ ਦੀ ਹੈ। ਉਨ੍ਹਾਂ ਦੱਸਿਆ ਕਿ ਡੂੰਘੀਆਂ ਤੇ ਕੱਚੀਆਂ ਗਲੀਆਂ, ਸੀਵਰੇਜ ਤੇ ਨਾਲੀਆਂ ਦੀ ਅਣਹੋਂਦ ਕਾਰਨ ਲੋਕ ਜਿਉਂਦੇ ਜੀਅ ਦੋਜ਼ਖ਼ ਹੰਢਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ’ਚ ਧਰਨੇ ਦਾ ਪ੍ਰੋਗਰਾਮ ਸੀ ਪਰ ਪ੍ਰਸ਼ਾਸਨ ਨੇ ਇੱਥੇ ਕੰਮ ਸ਼ੁਰੂ ਕਰਵਾ ਦਿੱਤਾ ਜਿਸ ਕਰਕੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਿਕ ਇਹ ਕੰਮ ਜੁਲਾਈ ਦੇ ਅੱਧ ਤੱਕ ਚੱਲਿਆ, ਉਸ ਤੋਂ ਬਾਅਦ ਮੁੜ ਠੱਪ ਹੋ ਗਿਆ। ਹੁਣ ਵਾਰ-ਵਾਰ ਪ੍ਰਸ਼ਾਸਨ ਦੇ ਸਬੰਧਿਤ ਵਿੰਗਾਂ ਨੂੰ ਬੇਨਤੀਆਂ ਕਰ ਕੇ ਥੱਕ ਚੁੱਕੇ ਹਾਂ ਪਰ ਕਿਧਰੇ ਸੁਣਵਾਈ ਨਾ ਹੋਣ ਕਰਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।
ਦੁਪਹਿਰ ਸਮੇਂ ਧਰਨਾਕਾਰੀਆਂ ਨੂੰ ਮਿਲਣ ਆਏ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਰਮਿਆਨ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਅਮਲੀ ਰੂਪ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਵਾਰਡ ਨਿਵਾਸੀ ਧਰਨਾ ਜਾਰੀ ਰੱਖਣ ਲਈ ਅਡੋਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਧਰਨੇ ਨੂੰ ਭੁੱਖ ਹੜਤਾਲ ਵਿਚ ਤਬਦੀਲ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਧਰਨੇ ਵਿੱਚ ਸਾਬਕਾ ਕੌਂਸਲਰ ਵਿੱਕੀ ਕੁਮਾਰ ਤੇ ਵੀਨਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ।