ਪਰਸ਼ੋਤਮ ਬੱਲੀ
ਬਰਨਾਲਾ, 30 ਅਕਤੂਬਰ
ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਸਬੰਧੀ ਬਰਨਾਲਾ ਰੇਲਵੇ ਸਟੇਸ਼ਨ ’ਤੇ ਕਾਬਜ਼ ਕਿਸਾਨੀ ਮੋਰਚੇ ’ਚ ਦਿਨੋਂ ਦਿਨ ਵਧ ਰਹੀ ਵਿਸ਼ੇਸ਼ ਕਰ ਕੇ ਔਰਤਾਂ ਦੀ ਸ਼ਮੂਲੀਅਤ ਸੰਘਰਸ਼ ਲਈ ਆਕਸੀਜਨ ਦਾ ਕੰਮ ਕਰ ਰਹੀ ਹੈ। ਇਹ ਇਕਬਾਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ, ਜਗਸੀਰ ਸੀਰਾ, ਨਛੱਤਰ ਸਿੰਘ ਸਹੌਰ, ਨਿਰਭੈ ਸਿੰਘ ਗਿਆਨੀ, ਜੱਗਾ ਸਿੰਘ ਬਦਰਾ ਤੇ ਹੋਰ ਆਗੂਆਂ ਨੇ ਮੋਦੀ ਹਕੂਮਤ ਵੱਲੋਂ ਜਾਰੀ ਕੀਤੇ ਸਾਰੇ ਲੋਕ/ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਬੁਢਲਾਡਾ (ਐੱਨਪੀ ਸਿੰਘ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਤਹਿਸੀਲ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾ ਉਰਫ਼ ਲੀਲਾ ਪੰਡਤ ਦਾ ਘਰ ਅਤੇ ਸ਼ਹਿਰ ਦੇ ਭਾਜਪਾ ਸੂਬਾਈ ਆਗੂ ਰਾਕੇਸ਼ ਜੈਨ ਦੇ ਘਰ ਅੱਗੇ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਇਸ ਤਰ੍ਹਾਂ ਸ਼ਹਿਰ ਦੇ ਕੌਮੀ ਮਾਰਗ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ’ਤੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਲੱਖੋਵਾਲ ਦੇ ਪਰਸ਼ੋਤਮ ਗਿੱਲ ਤੇ ਹੋਰਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ’ਤੇ ਘੜੇ ਕਿਸਾਨ ਮਾਰੂ ਆਰਡੀਨੈਂਸ ਅਤਿ ਨਿੰਦਨਯੋਗ ਹਨ।
ਰੇਲਵੇ ਸਟੇਸ਼ਨ ਅਤੇ ਪੈਟਰੋਲ ਪੰਪ ’ਤੇ ਧਰਨੇ ਜਾਰੀ
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਕਿਸਾਨ ਸੰਘਰਸ਼ ਅਧੀਨ ਸਥਾਨਕ ਰੇਲਵੇ ਸਟੇਸ਼ਨ ਅਤੇ ਰਿਲਾਇੰਸ ਪੈਟਰੋਲ ਪੰਪ ’ਤੇ ਸਾਂਝਾ ਕਿਸਾਨ ਮੋਰਚਾ ਦੇ ਚੱਲ ਰਹੇ ਸੰਘਰਸ਼ ’ਚ ਬੁਲਾਰੇ ਜਗਵਿੰਦਰ ਸਿੰਘ, ਤਾਰਾ ਚੰਦ ਬਰੇਟਾ, ਲਚਮਣ ਸਿੰਘ, ਰਾਮਫਲ ਸਿੰਘ, ਨਿੱਕਾ ਸਿੰਘ, ਸਿਮਰਨਜੀਤ ਸਿੰਘ, ਮਹਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵਿਚਾਰ ਪ੍ਰਗਟ ਕੀਤੇ ਅਤੇ ਉਸਦੇ ਨਾਲ ਹੀ ਪਰਾਲੀ ਦੇ ਪ੍ਰਦੂਸ਼ਣ ਸਬੰਧੀ ਜਾਰੀ ਕੀਤੇ ਆਰਡੀਨੈਂਸ ਦੇ ਵਿਰੋਧ ’ਚ ਵੀ ਵਿਚਾਰਾਂ ਦੇ ਨਾਲ ਨਾਅਰੇਬਾਜ਼ੀ ਕੀਤੀ ਗਈ।