ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਸਤੰਬਰ
ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਗਰੀਬ ਰੇਹੜੀ-ਫੜ੍ਹੀ ਵਾਲਿਆਂ ਤੋਂ ਕਥਿਤ ਗੁੰਡਾ ਟੈਕਸ ਵਸੂਲਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਅਕਾਲੀ ਆਗੂ ਦੇ ਦੋਸ਼ਾਂ ਦਾ ਮਾਰਕੀਟ ਕਮੇਟੀ ਸਕੱਤਰ ਨੇ ਖੰਡਨ ਕੀਤਾ ਹੈ ਅਤੇ ਆਖਿਆ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ।
ਸ੍ਰੀ ਬਰਾੜ ਨੇ ਪੀੜਤ ਲੋਕਾਂ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਪਰਚੀ ਦਿਖਾਉਂਦਿਆਂ ਗੁੰਡਾ ਟੈਕਸ ਵਸੂਲਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਨਾ ਤਾਂ ਖਾਣ-ਪੀਣ ਦੀ ਕੋਈ ਕੰਟੀਨ ਹੈ ਅਤੇ ਨਾ ਹੀ ਵਾਹਨ ਪਾਰਕਿੰਗ ਲਈ ਜਗ੍ਹਾ ਬਣਾਈ ਗਈ ਹੈ ਪਰ ਫਿਰ ਵੀ ਰੋਜ਼ਾਨਾ ਗਰੀਬ ਲੋਕਾਂ ਦੀ ਕੰਟੀਨ ਤੇ ਪਾਰਕਿੰਗ ਫੀਸ ਦੇ ਨਾਮ ਉੱਤੇ ਪਰਚੀ ਕੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੀ ਵਸੂਲੀ ਪਰਚੀ ਉੱਤੇ ਮਾਰਕੀਟ ਕਮੇਟੀ ਦਾ ਠੱਪਾ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਨਿਯੁਕਤ ਕੀਤੇ ਕਾਂਗਰਸੀ ਪਹਿਰੇਦਾਰਾਂ ਦੇ ਨੱਕ ਹੇਠ ਸੱਭ ਕੁਝ ਹੋ ਰਿਹਾ ਹੈ। ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਅਤੇ ਕਾਂਗਰਸ ਦਾ ਇੱਕ ਧੜਾ ਵਿਰੋਧ ਕਰ ਚੁੱਕਾ ਹੈ। ਮਾਮਲਾ ਮੁੱਖ ਮੰਤਰੀ ਕੋਲ ਪੁੱਜਣ ਬਾਅਦ ਕੁਝ ਦਿਨ ਪਰਚੀ ਕੱਟਣੀ ਬੰਦ ਕਰ ਦਿੱਤੀ ਗਈ ਅਤੇ ਹੁਣ ਮੁੜ ਚਾਲੂ ਕਰ ਦਿੱਤੀ ਗਈ ਹੈ।
ਮਾਰਕੀਟ ਕਮੇਟੀ ਸਕੱਤਰ ਦੇ ਸੁਖਪ੍ਰੀਤ ਸਿੰਘ ਗੋਂਦਰਾ ਦੇ ਦਸਖ਼ਤਾਂ ਹੇਠ ਜਾਰੀ ਪ੍ਰੈੱਸ ਬਿਆਨ ਉਨ੍ਹਾਂ ਕਿਹਾ ਕਿ ਮੰਡੀ ਦੇ ਯੂਜ਼ਰ ਚਾਰਜਿਜ਼ ਦਾ ਸਾਲ 2021-22 ਦਾ ਠੇਕਾ 43 ਲੱਖ ਰੁਪਏ ਵਿੱਚ ਪੰਜਾਬ ਮੰਡੀ ਬੋਰਡ ਨੇ ਈ-ਟੈਂਡਰਿੰਗ ਰਾਹੀਂ ਦਿੱਤਾ ਹੈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਮੰਡੀ ਬੋਰਡ ਵੱਲੋਂ 31 ਅਗਸਤ 2021 ਤੋਂ ਰੇਹੜੀ-ਫੜ੍ਹੀ ਵਾਲਿਆਂ ਦੀ ਪਰਚੀ ਫੀਸ 31 ਮਾਰਚ 2022 ਤੱਕ ਮੁਆਫ ਕਰ ਦਿਤੀ ਗਈ ਹੈ। ਉਨ੍ਹਾਂ ਆਖਿਆ ਕਿ ਜਿਹੜੀ ਪਰਚੀ ਹੁਣ ਕੱਟੀ ਜਾ ਰਹੀ ਹੈ, ਉਹ ਖਾਣ-ਪੀਣ ਵਾਲੀਆਂ ਵਸਤੂਆਂ ਦੀ ਰੇਹੜੀ-ਫੜ੍ਹੀ ਤੋਂ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕੱਟੀਆਂ ਜਾ ਰਹੀਆਂ ਪਰਚੀਆਂ ਨਿਰਧਾਰਿਤ ਰੇਟ ’ਤੇ ਹੀ ਕੱਟੀਆਂ ਜਾ ਰਹੀਆਂ ਹਨ ਅਤੇ ਇਸ ਦਾ ਕਿਸੇ ਹੋਰ ਸਿਆਸੀ/ਰਾਜਨੀਤਿਕ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ।
ਕੈਪਸ਼ਨ: ਸੋਸ਼ਲ ਮੀਡੀਆ ਉੱਤੇ ਗਰੀਬ ਵਰਗ ਦੀ ਕੱਟੀ ਜਾ ਰਹੀ ਪਰਚੀ ਦਿਖਾਉਂਦਾ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ।