ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ ਮੋਗਾ, 1 ਨਵੰਬਰ
ਮਾਰਕੀਟ ਕਮੇਟੀ ਬੱਧਨੀ ਕਲਾਂ ਵੱਲੋਂ ਕਿਸਾਨਾਂ ਦੀਆਂ ਝੋਨੇ ਦੀਆਂ ਭਰੀਆਂ ਟਰਾਲੀਆਂ ਨੂੰ ਵੱਧ ਨਮੀ ਵਾਲੀਆਂ ਦੱਸ ਕੇ ਗੇਟ ’ਤੇ ਰੋਕਣ ਨਾਲ ਰੋਹ ਵਿਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੜਕ ’ਤੇ ਜਾਮ ਲਗਾ ਕੇ ਮਾਰਕੀਟ ਕਮੇਟੀ ਦਫ਼ਤਰ ਬੱਧਨੀ ਕਲਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ।
ਬਲਾਕ ਆਗੂ ਕੇਵਲ ਕਿ੍ਸ਼ਨ ਤੇ ਮਨਦੀਪ ਸਿੰਘ ਮੋਨਾ ਨੇ ਕਿਹਾ ਕਿ ਸਰਕਾਰ ਦੇ ਨਮੀ ਦੀ ਹੱਦ ਵਧਾਉਣ ਤੇ ਝੋਨੇ ਦੀ ਫ਼ਸਲ ਖ਼ਰੀਦਣ ਵਿੱਚ ਕਿਸੇ ਵੀ ਤਰ੍ਹਾਂ ਮੁਸ਼ਕਿਲ ਨਾ ਆਉਣ ਦੇਣ ਦੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਕੱਲ੍ਹ ਤੋਂ ਪੱਕਾ ਸੰਘਰਸ਼ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ।
ਕਿਸਾਨਾਂ ਦਾ ਰੋਸ ਦੇਖ ਕੇ ਮਾਰਕੀਟ ਕਮੇਟੀ ਬੱਧਨੀ ਕਲਾਂ ਤੇ ਜੱਥੇਬੰਦੀ ਵਿੱਚ ਸਹਿਮਤੀ ਬਣਨ ਪਿੱਛੋਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਨੂੰ ਫਸਲ ਲਿਆਉਣ ਲਈ ਗੇਟ ਖੋਲ੍ਹ ਦਿੱਤੇ ਗਏ। ਇਸ ਮੌਕੇ ਨਿਰੰਜਣ ਸਿੰਘ , ਜਗਦੀਪ ਸਿੰਘ ਸਕੱਤਰ, ਬੂਟਾ ਸਿੰਘ ਬੱਧਨੀ ਕਲਾਂ, ਲੱਖਾਂ ਲੋਪੋ, ਕੇਵਲ ਸਿੰਘ ਪ੍ਰਧਾਨ ਬੱਧਨੀ ਖੁਰਦ ਅਤੇ ਹੋਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਦੇ ਵਰਕਰ ਤੇ ਕਿਸਾਨ ਮੌਜੂਦ ਸਨ।