ਪੱਤਰ ਪ੍ਰੇਰਕ
ਮਾਨਸਾ, 16 ਅਕਤੂਬਰ
ਕੁੱਝ ਦਿਨ ਪਹਿਲਾਂ ਰਾਤ ਵੇਲੇ ਅਵਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਜ਼ਖਮੀ ਹੋਏ ਨੌਜਵਾਨ ਗੁਰਪ੍ਰੀਤ ਸਿੰਘ (38) ਨੇ ਐਤਵਾਰ ਨੂੰ ਦਮ ਤੋੜ ਦਿੱਤਾ ਹੈ। ਗੁਰਪ੍ਰੀਤ ਸਿੰਘ ਦੇ ਪਿਤਾ ਮਿੱਠੂ ਸਿੰਘ ਅਤੇ ਮੁਹੱਲਾ ਵਾਸੀ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਉਸ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਪੀ.ਜੀ.ਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਦੋ ਧੀਆਂ ਦਾ ਪਿਤਾ ਸੀ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਵਿੱਚ ਮਾਨਸਾ ਦੇ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਅਨੇਕਾਂ ਭਰੋਸੇ ਦੇਣ ਤੋਂ ਬਾਅਦ ਵੀ ਸਰਕਾਰਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰ ਸਕੀਆਂ। ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਮਾਨਸਾ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਸੀ.ਪੀ.ਆਈ ਦੇ ਜਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਕਿਹਾ ਕਿ ਸਰਕਾਰਾਂ ਸਿਰਫ ਲਾਰਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਮਾਨਸਾ ਵਿੱਚ ਅੱਜ ਤੱਕ ਬੇਹੱਦ ਗੰਭੀਰ ਤੇ ਜਾਨਲੇਵਾ ਬਣੀ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੜਕ ਦੁਰਘਟਨਾ ਵਿੱਚ ਮਿੱਠੂ ਸਿੰਘ ਦੇ ਦੂਜੇ ਪੁੱਤਰ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਇਹ ਪੁੱਤਰ ਵੀ ਅਵਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਮਾਰਿਆ ਗਿਆ ਹੈ।
ਪਹਿਲਾਂ ਵੀ ਮਾਨਸਾ ਤੋਂ ਸ਼ੁਰੂ ਹੋਇਆ ਸੀ ਸੰਘਰਸ਼
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ, ਜੋ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਆਗੂ ਵੀ ਸਨ, ਨੇ ਕਿਹਾ ਕਿ ਅਵਾਰਾ ਪਸ਼ੂਆਂ ਖਿਲਾਫ਼ ਪੰਜਾਬ ਦਾ ਪਹਿਲਾ ਲੰਬਾ ਸਮਾਂ ਚੱਲਣ ਵਾਲਾ ਸੰਘਰਸ਼ ਮਾਨਸਾ ਦੀ ਧਰਤੀ ਤੋਂ ਅਮਰਿੰਦਰ ਸਿੰਘ ਦੀ ਹਕੂਮਤ ਵੇਲੇ ਆਰੰਭ ਹੋਇਆ ਸੀ ਅਤੇ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਨੇ ਸੰਘਰਸ਼ ਦੌਰਾਨ ਲੱਗੇ ਧਰਨੇ ਵਿੱਚ ਆ ਕੇ ਅਵਾਰਾ ਪਸ਼ੂਆਂ ਦੇ ਹੱਲ ਲਈ ਵਿਸ਼ੇਸ਼ ਗ੍ਰਾਂਟਾਂ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਗਊਸ਼ਾਲਾਵਾਂ ਖੋਲ੍ਹਣ ਦਾ ਐਲਾਨ ਕੀਤਾ ਸੀ, ਉਹ ਵੀ ਨਹੀਂ ਖੁੱਲ੍ਹੀਆਂ। ਹੁਣ ਨਵੇਂ ਸਿਰੇ ਤੋਂ ਅਵਾਰਾ ਪਸ਼ੂਆਂ ਖਿਲਾਫ਼ ਅੰਦੋਲਨ ਆਰੰਭਿਆ ਜਾਵੇਗਾ।