ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 20 ਜੁਲਾਈ
ਕੁਝ ਦਿਨ ਪਹਿਲਾਂ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਉਤੇ ਰਾਏ ਸਿੱਖ ਬਰਾਦਰੀ ਵੱਲੋਂ ਦਾਅਵਾ ਜਤਾਉਣ ਅਤੇ ਚੇਅਰਮੈਨੀ ਨਾ ਮਿਲਣ ਦੀ ਸੂਰਤ ਵਿੱਚ ਪਾਰਟੀ ਛੱਡਣ ਦੀ ਵਿਧਾਇਕ ਰਮਿੰਦਰ ਆਵਲਾ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਹੁਣ ਹਲਕੇ ਦੀ ਜੱਟ ਸਿੱਖ ਬਰਾਦਰੀ ਨੇ ਵੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਉੱਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਅੱਜ ਜਲਾਲਾਬਾਦ ਦੇ ਪਿੰਡ ਚੱਕ ਵੈਰੋਕੇ ਵਿੱਚ ਬਰਾਦਰੀ ਦੇ ਸੀਨੀਅਰ ਨੇਤਾ ਸ਼ੇਰਬਾਜ ਸਿੰਘ ਸੰਧੂ ਦੇ ਨਿਵਾਸ ਸਥਾਨ ਤੇ ਇਕੱਠੇ ਹੋਏ ਬਰਾਦਰੀ ਦੇ ਸਰਪੰਚਾਂ ਨੇ ਮੌਜੂਦਾ ਸਰਕਾਰ ਉੱਤੇ ਇਹ ਦੋਸ਼ ਲਗਾਇਆ ਕਿ ਉਹ ਜੱਟ ਸਿੱਖ ਬਰਾਦਰੀ ਨੂੰ ਅਣਦੇਖਾ ਕਰ ਰਹੀ ਹੈ ਜਿਸ ਦਾ ਖਮਿਆਜ਼ਾ ਅਗਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ । ਉਨ੍ਹਾਂ ਪੰਜਾਬ ਸਰਕਾਰ ਬਲਬੀਰ ਸਿੰਘ ਸਿੱਧੂ ਮੰਤਰੀ ਅਤੇ ਵਿਧਾਇਕ ਰਮਿੰਦਰ ਸਿੰਘ ਆਵਲਾ ਤੋਂ ਮੰਗ ਕੀਤੀ ਹੈ ਕਿ ਮਾਰਕੀਟ ਕਮੇਟੀ ਜਲਾਲਾਬਾਦ ਦੀ ਚੇਅਰਮੈਨੀ ਸਮੇਤ ਹੋਰ ਵੀ ਬਣਦੇ ਉਹਦੇ ਜੱਟ ਸਿੱਖ ਬਰਾਦਰੀ ਦੇ ਲੀਡਰਾਂ ਨੂੰ ਦਿੱਤੇ ਜਾਣ। ਇਸ ਮੌਕੇ ਸਰਪੰਚ ਧਰਮ ਸਿੰਘ ਸਿੱਧੂ, ਕੁਲਵਿੰਦਰ ਸਿੰਘ ਰੋਹੀਵਾਲਾ ਮੈਂਬਰ ਬਲਾਕ ਸਮਿਤੀ, ਬਲਕਾਰ ਸਿੰਘ ਸਰਪੰਚ ਰੰਗੀਲਾ, ਕਰਮ ਸਿੰਘ ਸਰਪੰਚ ਜੰਡ ਵਾਲਾ ਹਾਜ਼ਰ ਸਨ ।