ਨਿਰੰਜਨ ਬੋਹਾ
ਬੋਹਾ, 3 ਜੁਲਾਈ
ਬੀਤੀ 28 ਜੂਨ ਨੂੰ ਹਰਿਆਣਾ ਵਿੱਚੋਂ ਲੰਘਦਿਆਂ ਵਿੱਛੜ ਕੇ ਮਾਨਸਾ ਜ਼ਿਲ੍ਹੇ ਵੱਲ ਆਏ ਟਿੱਡੀ ਦਲ ਦੇ ਇੱਕ ਹਿੱਸੇ ਨੇ ਇਸ ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਵਖਤ ਪਾ ਦਿੱਤਾ ਹੈ। ਬੀਜੇਪੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਿਸਾਨ ਪਿਆਰਾ ਸਿੰਘ ਕੰਬੋਜ ਦੇ ਖੇਤਾਂ ਵਿਚ ਟਿੱਡੀ ਦਲ ਦਾ ਹਮਲਾ ਹੋਣ ਦਾ ਪਤਾ ਚਲਣ ’ਤੇ ਇਸ ਦੀ ਇਤਲਾਹ ਬਲਾਕ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੂੰ ਦਿੱਤੀ ਗਈ, ਜਿਨ੍ਹਾ ਮੌਕੇ ’ਤੇ ਆ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਇੱਕਠੇ ਹੋਏ ਕਿਸਾਨਾਂ ਨੂੰ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਜ਼ਿਲ੍ਹੇ ਵਿਚ ਸਰਵੇ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦਾ ਇਹ ਛੋਟਾ ਜਿਹਾ ਹਿੱਸਾ ਫਸਲਾਂ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਨਹੀਂ ਰੱਖਦਾ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਲਗਾਤਾਰ ਨਿਗਰਾਨੀ ਰੱਖਣ ਦੀ ਅਪੀਲ ਕੀਤੀ। ਕਿਸਾਨ ਮੋਰਚਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਟਿੱਡੀ ਦਲ ਨੂੰ ਮਾਰਨ ਲਈ ਸਾਰੇ ਢੁੱਕਵੇਂ ਪ੍ਰਬੰਧ ਕਰੇ ਤੇ ਖੇਤੀਬਾੜੀ ਵਿਭਾਗ ਵੱਲੋਂ ਇਕ ਟੋਲ ਫਰੀ ਨੰਬਰ ਜਾਰੀ ਕੀਤਾ ਜਾਵੇ, ਜਿਸ ਰਾਹੀਂ ਕਿਸਾਨ ਕੋਈ ਵੀ ਕੁਰਦਤੀ ਆਂਫਤ ਆਉਣ ਦੀ ਸੂਚਨਾਂ ਵਿਭਾਗ ਨੂੰ ਤਰੁੰਤ ਪਹੁੰਚਾ ਸੱਕਣ।