ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਸ਼ਹਿਰ ਵਿੱਚ ਲਾਵਾਰਸ ਪਸ਼ੂਆਂ ਦਾ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸ ਮਾਮਲੇ ਲਈ ਜ਼ਿਲ੍ਹੇਵਿਚਲੇ ਪ੍ਰਸ਼ਾਸਨਿਕ ਪ੍ਰਬੰਧ ਖੋਖਲੇ ਹੋਏ ਪਏ ਹਨ। ਇਨ੍ਹਾਂ ਪਸ਼ੂਆਂ ਕਾਰਨ ਹਾਦਸਿਆਂ ’ਚ ਵਾਧਾ ਹੋਣ ਨਾਲ ਘਰਾਂ ਵਿਚ ਸੱਥਰ ਵਿਛਣ ਲੱਗੇ ਹਨ।
ਮਾਨਸਾ ਜ਼ਿਲ੍ਹੇ ਵੱਖ-ਵੱਖ ਪੁਲੀਸ ਥਾਣਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਕਿ ਸੜਕਾਂ ਉਪਰ ਘੁੰਮਦੇ ਲਾਵਾਰਸ ਪਸ਼ੂ ਹੁਣ ਪਹਿਲਾਂ ਦੇ ਮੁਕਾਬਲੇ ਦੁਰਘਟਨਾਵਾਂ ਲਈ ਵੱਧ ਜ਼ਿੰਮੇਵਾਰ ਹੋਣ ਲੱਗੇ ਹਨ। ਇੱਕ ਜਾਣਕਾਰੀ ਮੁਤਾਬਕ ਮਾਨਸਾ, ਭੀਖੀ, ਸਰਦੂਲਗੜ੍ਹ, ਬੁਢਲਾਡਾ ਪੁਲੀਸ ਸਟੇਸ਼ਨਾਂ ਦੇ ਘੇਰੇ ਅੰਦਰ ਆਉਂਦੇ ਪਿੰਡਾਂ ਤੇ ਕਸਬਿਆਂ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ ਵੱਧ ਐਕਸੀਡੈਂਟ ਹੋਏ ਹਨ। ਇਨ੍ਹਾਂ ਐਕਸੀਡੈਂਟਾਂ ਦੀ ਗਿਣਤੀ ਬਰੇਟਾ, ਜੋੜਕੀਆਂ, ਬੋਹਾ ਪੁਲੀਸ ਸਟੇਸ਼ਨਾਂ ਵਿੱਚ ਵੀ ਵੱਧ ਹੋਈ ਹੈ। ਪੁਲੀਸ ਲਈ ਸਿਰਦਰਦੀ ਬਣੇ ਇਹ ਲਾਵਾਰਸ ਪਸ਼ੂ ਹਰ ਹਫ਼ਤੇ ਪਹਿਲਾਂ ਦੇ ਮੁਕਾਬਲੇ ਵਧਣ ਲੱਗੇ ਹਨ, ਪਰ ਇਨ੍ਹਾਂ ਨੂੰ ਰੋਕਣ ਲਈ ਕਿਧਰੇ ਵੀ ਕੋਈ ਕਾਨੂੰਨੀ ਤੇ ਸਮਾਜਿਕ ਚਾਰਾਜੋਈਂ ਨਹੀਂ ਆਰੰਭ ਹੋਈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਇਹ ਲਾਵਾਰਸ ਪਸ਼ੂ ਬਾਜ਼ਾਰ ’ਚ ਆਪਸ ਵਿਚ ਭਿੜਨ ਕਾਰਨ ਰੋਜ਼ਾਨਾ ਲੋਕਾਂ ਦੇ ਸੱਟਾਂ-ਫੇਟਾਂ ਵੱਜਦੀਆਂ ਹਨ ਤੇ ਵਾਹਨ ਨੁਕਸਾਨੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਸ਼ੂ ਜਿੱਥੋਂ ਦੀ ਇਹ ਲੰਘ ਜਾਂਦੇ ਹਨ, ਉੱਥੇ ਸਾਰੀ ਫ਼ਸਲ ਉਜਾੜ ਦਿੰਦੇ ਹਨ।
ਪਸ਼ੂ ਗਊਸ਼ਾਲਾਵਾਂ ’ਚ ਛੱਡੇ ਜਾਣਗੇ: ਡੀਸੀ
ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਨਵੀਆਂ ਗਊਸ਼ਲਾਵਾਂ ਬਣਾਕੇ ਛੱਡਿਆ ਜਾ ਰਿਹਾ ਹੈ ਅਤੇ ਛੇਤੀ ਹੀ ਇਨ੍ਹਾਂ ਲਾਵਾਰਸ ਪਸ਼ੂਆਂ ਦੀ ਗਿਣਤੀ ਹੋਰ ਵੀ ਘੱਟ ਜਾਵੇਗੀ।