ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 20 ਜੁਲਾਈ
ਨੇੜਲੇ ਪਿੰਡ ਵਾਂਦਰ ਜਟਾਣਾ ਵਿੱਚ ਅੱਜ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਇੱਕ ਸੁਨਿਆਰੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਕੀਤੀ। ਉਹ ਕਰੀਬ ਪੰਜ ਲੱਖ ਰੁਪਏ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਅਤੇ ਉਨ੍ਹਾਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਗਈ। ਸਾਰੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਜਾਣਕਾਰੀ ਮੁਤਾਬਿਕ ਪਿੰਡ ਵਾਂਦਰ ਜਟਾਣਾ ਵਿੱਚ ਰਾਹੁਲ ਜਵੈਲਰ ਨਾਮੀ ਦੁਕਾਨ ਦਾ ਮਾਲਿਕ ਰਾਹੁਲ ਆਪਣੀ ਦੁਕਾਨ ’ਤੇ ਬੈਠਾ ਸੀ। ਇਸੇ ਦੌਰਾਨ ਦੁਪਹਿਰੇ ਕਰੀਬ ਸਾਢੇ ਬਾਰਾਂ ਵਜੇ ਦੋ ਨਕਾਬਪੋਸ਼ ਵਿਅਕਤੀ ਆਏ ਅਤੇ ਉਨ੍ਹਾਂ ਦੁਕਾਨਦਾਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਨਾਲ ਕੁੱਟਮਾਰ ਵੀ ਕਰਦੇ ਰਹੇ। ਡਰਾ ਧਮਕਾ ਕੇ ਦੁਕਾਨਦਾਰ ਤੋਂ ਦੁਕਾਨ ’ਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲੱਗਭਗ ਪੰਜ ਲੱਖ ਰੁਪਏ ਬਣਦੀ ਹੈ, ਲੁੱਟ ਕੇ ਫਰਾਰ ਹੋ ਗੁਏ।
ਫਿਲਹਾਲ ਪੁਲੀਸ ਜਾਂਚ ’ਚ ਜੁੱਟ ਗਈ ਹੈ। ਵਾਰਦਾਤ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਨਾਲ ਵਾਪਰੀ ਇਸ ਵਾਰਦਾਤ ਤੋਂ ਬਾਅਦ ਪੂਰੀ ਤਰ੍ਹਾਂ ਸਹਿਮ ਗਿਆ ਹੈ।