ਪੱਤਰ ਪ੍ਰੇਰਕ
ਜ਼ੀਰਾ, 8 ਨਵੰਬਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ ਦਾਣਾ ਮੰਡੀ ਜ਼ੀਰਾ ਵਿਚ ਹੋਈ। ਇਸ ਮੌਕੇ ਕਿਸਾਨਾਂ ਨੇ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਪ੍ਰੀਤਮ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੁਖਦੇਵ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਚੈਕਿੰਗ ਦੌਰਾਨ ਦਾਣਾ ਮੰਡੀ ਜ਼ੀਰਾ ਵਿਖੇ 35 ਆੜ੍ਹਤਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ 7 ਆੜ੍ਹਤਾਂ ਵਾਲੇ ਵੱਧ ਤੋਲ ਦੇ ਪਾਏ ਗਏ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਜ਼ੀਰਾ ਦੇ ਮੁਲਾਜ਼ਮਾਂ ਦੀ ਦੇਖਰੇਖ ਹੇਠ ਹੋਈ ਚੈਕਿੰਗ ਦੌਰਾਨ ਵੱਧ ਝੋਨਾ ਤੋਲਣ ਵਾਲੇ ਆੜ੍ਹਤੀਆਂ ਕੋਲੋਂ 23 ਕੁਇੰਟਲ ਝੋਨੇ ਦਾ ਜੇ ਫਾਰਮ ਕਿਸਾਨ ਮਨਜੀਤ ਸਿੰਘ ਨੂੰ ਦਿਵਾਇਆ ਗਿਆ ਅਤੇ ਦੂਸਰੇ ਆੜ੍ਹਤੀਆਂ ਨੇ ਆਪਣੀ ਗ਼ਲਤੀ ਕਬੂਲਦੇ ਹੋਏ ਗੁਰਦੁਆਰੇ ਵਿਚ 10 ਹਜ਼ਾਰ ਰੁਪਏ ਅਤੇ 5 ਹਜ਼ਾਰ ਰੁਪਏ ਦੀਆਂ ਪਰਚੀਆਂ ਕਟਵਾਈਆਂ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਕਿਸਾਨ ਦਾ ਵੱਧ ਝੋਨਾ ਨਹੀਂ ਤੋਲਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਜ਼ੀਰਾ, ਹਰਪ੍ਰੀਤ ਸਿੰਘ ਲੌਂਗੋਦੇਵਾ, ਮਨਦੀਪ ਸਿੰਘ ਅਲੀਪੁਰ, ਪਾਲਾ ਸਿੰਘ ਸਨ੍ਹੇਰ ਤੇ ਹੋਰ ਆਗੂ ਹਾਜ਼ਰ ਸਨ।