ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੁਲਾਈ
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਵਰਤੇ ਜਾਂਦੇ ਦੇਸੀ ਘਿਓ ਦੇ ਟੈਂਡਰ ਸੁਨਾਏ ਡੇਅਰੀ ਪੁਣੇ ਨੂੰ ਦਿੱਤੇ ਜਾਣ ਨਾਲ ਪੰਜਾਬ ਦੇ ਦੁੱਧ ਉਤਪਾਦਕਾਂ ਵਿੱਚ, ਜੋ ਨਿਰਾਸ਼ ਪਾਈ ਜਾ ਰਹੀ ਹੈ, ਉਸ ਦੇ ਹੱਕ ਵਿੱਚ ਖੜ੍ਹਦਿਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਮਿੱਠੂ ਸਿੰਘ ਕਾਨ੍ਹੇਕੇ ਨੇ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਨ੍ਹਾਂ ਟੈਂਡਰਾਂ ਦੀ ਨਵੇਂ ਸਿਰੇ ਤੋਂ ਪੜਤਾਲ ਕਰਨ ਦੀ ਮੰਗ ਕੀਤੀ ਹੈ।
ਇਥੇ ਜਾਰੀ ਕੀਤੇ ਲਿਖਤੀ ਪ੍ਰੈਸ ਨੋਟ ਵਿੱਚ ਸ੍ਰੀ ਕਾਨ੍ਹੇਕੇ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਵੇਰਕਾ ਘਿਓ, ਸੁੱਕਾ ਦੁੱਧ ਅਤੇ ਤਾਜ਼ਾ ਦੁੱਧ ਤਹਿ ਪੈਮਾਨਾ ਅਨੁਸਾਰ ਖਰੀਦਿਆ ਜਾਂਦਾ ਰਿਹਾ, ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਸੁਨਾਏ ਡੇਅਰੀ ਪੁਣੇ ਤੋਂ ਪੁੱਜੇ ਘਿਓ ਤੇ ਸੁੱਕਾ ਦੁੱਧ ਦੀ ਕੁਆਲਟੀ ਤੁਰੰਤ ਚੈੱਕ ਕਰਵਾਈ ਜਾਵੇ, ਜੇਕਰ ਘਿਓ ਦੀ ਟੈਸਟਿੰਗ ਰਿਪੋਰਟ ਸਬ-ਸਟੈਂਡਰਡ ਹੈ ਤਾਂ ਤੁਰੰਤ ਟੈਂਡਰ ਰੱਦ ਕੀਤੇ ਦਿੱਤੇ ਜਾਣ ਅਤੇ ਚੰਗੀ ਕੁਆਲਟੀ ਘਿਓ ਲਈ ਸਰਕਾਰੀ/ਨੀਮ ਸਰਕਾਰੀ ਅਦਾਰਿਆਂ ਤੋਂ ਹੀ ਟੈਂਡਰ ਦੁਬਾਰਾ ਮੰਗੇ ਜਾਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਦੁੱਧ ਉਤਪਾਦਕ ਬਹੁਤ ਵੱਡੇ ਸੰਕਟ ਵਿਚੋਂ ਨਿਕਲ ਰਹੇ ਹਨ ਅਤੇ ਡੇਅਰੀ ਫਾਰਮ ਬੰਦ ਹੋਣ ਨਿਕਾਰੇ ਹਨ, ਜਦੋਂ ਕਿ ਛੋਟੇ ਦੁੱਧ ਉਤਪਾਦਕਾਂ ਦਾ ਦੁੱਧ ਬਹੁਤ ਘੱਟ ਰੇਟ ’ਤੇ ਚੁੱਕਿਆ ਜਾ ਰਿਹਾ ਹੈ, ਜਿਸ ਲਈ ਬਾਹਰਲੇ ਰਾਜਾਂ ’ਚੋਂ ਦੇਸੀ ਘਿਓ ਮੰਗਵਾਉਣ ਦੀ ਬਜਾਏ ਪੰਜਾਬ ਦੇ ਘਿਓ ਨੂੰ ਹੀ ਗੁਰੂ ਘਰ ਦੇ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਦੁੱਧ ਉਤਪਾਦਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਹੁਣ ਪੁੂਣੇ ਤੋਂ ਅਜਿਹਾ ਘਿਓ ਮੰਗਵਾਉਣ ਨਾਲ ਹੋਰ ਵੀ ਡੇਅਰੀ ਫਰਮਾਂ ਦੇ ਹਿੱਤਾਂ ਨੂੰ ਭਾਰੀ ਸੱਟ ਵੱਜੇਗੀ।