ਨਿਜੀ ਪੱਤਰ ਪ੍ਰੇਰਕ
ਫ਼ਰੀਦਕੋਟ, 30 ਅਕਤੂਬਰ
ਝੋਨੇ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਮੰਡੀਆਂ ਵਿੱਚ ਝਾੜ ਫੂਸ ਚੁੱਕਣ ਦਾ ਇਸ ਵਾਰ ਟੈਂਡਰ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਝਾੜ ਫੂਸ ਖ਼ਰੀਦ ਸਕਦਾ ਹੈ। ਪ੍ਰੰਤੂ ਇਸ ਦੇ ਬਾਵਜੂਦ ਇੱਥੋਂ ਦੀ ਅਨਾਜ ਮੰਡੀ ਵਿੱਚ ਆਮ ਲੋਕਾਂ ਨੂੰ ਝਾੜ ਫੂਸ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅੱਜ ਜਦੋਂ ਕੁਝ ਵਿਅਕਤੀਆਂ ਨੇ ਆਪਣੇ ਰੁਜ਼ਗਾਰ ਲਈ ਇੱਥੋਂ ਝਾੜ ਫੂਸ ਖ਼ਰੀਦ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਦੇ ਟਰੈਕਟਰ ਟਰਾਲੀ ਅਤੇ ਝਾੜਫੂਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਫ਼ਰੀਦਕੋਟ ਦੇ ਵਿਧਾਇਕ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਝਾੜ ਫੂਸ ਲਈ ਕੋਈ ਟੈਂਡਰ ਨਹੀਂ ਹਨ ਅਤੇ ਆਮ ਲੋਕ ਆਪਣੀ ਸਮਰੱਥਾ ਅਨੁਸਾਰ ਮੰਡੀਆਂ ਵਿੱਚੋਂ ਝਾੜ ਫੂਸ ਖ਼ਰੀਦ ਕੇ ਆਪਣਾ ਰੁਜ਼ਗਾਰ ਚਲਾ ਸਕਦੇ ਹਨ। ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਪ੍ਰੰਤੂ ਥਾਣਾ ਸਿਟੀ ਫ਼ਰੀਦਕੋਟ ਦੇ ਐਸ.ਐਚ.ਓ ਨੇ ਮੰਨਿਆ ਕਿ ਉਨ੍ਹਾਂ ਨੇ ਮੰਡੀ ਵਿੱਚੋਂ ਝਾੜ ਫੂਸ ਲੈ ਕੇ ਜਾ ਰਹੇ ਇੱਕ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਮੰਡੀ ਵਿੱਚੋਂ ਸ਼ਿਕਾਇਤ ਮਿਲੀ ਸੀ। ਜ਼ਿਲ੍ਹਾ ਮੰਡੀ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੇ ਪੁਲੀਸ ਨੂੰ ਤਾਂ ਕੋਈ ਸ਼ਿਕਾਇਤ ਨਹੀਂ ਕੀਤੀ। ਪ੍ਰੰਤੂ ਝਾੜ ਫੂਸ ਦੇ ਕੀਤੇ ਗਏ ਟੈਂਡਰਾਂ ਨੂੰ ਪੰਜਾਬ ਸਰਕਾਰ ਨੇ ਅਜੇ ਤੱਕ ਰੱਦ ਕਰਨ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਿਸ ਕਰਕੇ ਮੰਡੀ ਵਿੱਚੋਂ ਝਾੜ ਫੂਸ ਠੇਕੇਦਾਰ ਵੱਲੋਂ ਹੀ ਚੁੱਕਿਆ ਜਾ ਸਕਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਹਿਲਾਂ ਵਾਂਗ ਅਜੇ ਵੀ ਮੰਡੀਆਂ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਹੈ ਅਤੇ ਮੰਡੀਆਂ ਵਿੱਚ ਗ਼ਰੀਬ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ।