ਲਖਵਿੰਦਰ ਸਿੰਘ
ਮਲੋਟ, 2 ਅਗਸਤ
ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਦਰਜਨਾਂ ਫਲੈਕਸ ਬੋਰਡਾਂ ਨੂੰ ਅਚਾਨਕ ਹਟਾ ਦੇਣ ਸਬੰਧੀ ਅਕਾਲੀ ਭਾਜਪਾ ਵਰਕਰਾਂ ਨੇ ਤਿੱਖਾ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਮਸਲੇ ਤੋਂ ਜਾਣੂ ਕਰਵਾਇਆ। ਅਕਾਲੀ ਭਾਜਪਾ ਆਗੂਆਂ ਓਮ ਪ੍ਰਕਾਸ਼ ਮਿੱਡਾ, ਮੁਕੇਸ਼ ਜੱਗਾ, ਅਸ਼ੋਕ ਮਦਾਨ, ਹਰਪਾਲ ਵਿਰਦੀ, ਛਬੀਲ ਸਿੰਘ, ਹੈਪੀ ਡਾਵਰ, ਕੇਸ਼ਵ ਸਿਡਾਨਾ, ਅਮਨ ਮਿੱਡਾ ਨੇ ਦੱਸਿਆ ਕਿ ਕਾਂਗਰਸ ਦੇ ਬੋਰਡ ਛੱਡ ਕੇ ਕੇਵਲ ਅਕਾਲੀ ਭਾਜਪਾ ਦੇ ਬੋਰਡ ਉਤਾਰਨ ਕਾਰਨ ਰੋਸ ਹੈ। ਮੌਕੇ ’ਤੇ ਫਲੈਕਸ ਬੋਰਡ ਉਤਾਰ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹ ਦਿਹਾੜੀ ਕਰਦਾ ਹੈ ਅਤੇ ਉਸ ਨੂੰ ਕੇਵਲ ਅਕਾਲੀ ਭਾਜਪਾ ਦੇ ਬੋਰਡ ਹੀ ਉਤਰਨ ਦੇ ਨਿਰਦੇਸ਼ ਮਿਲੇ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਵੀ ਬੋਰਡ ਹਟਾਉਣ ਦਾ ਵਿਰੋਧ ਕਰਦਿਆਂ ਇਸ ਨੂੰ ਸੋੜੀ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਅਧਿਕਾਰੀ ਨੇ ਦੋਸ਼ ਨਕਾਰੇ
ਨਗਰ ਕੌਂਸਲ ਦੇ ਅਧਿਕਾਰੀ ਮੰਗਤ ਰਾਮ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਿੱਚ ਲੱਗੇ ਸਾਰੇ ਪੁਰਾਣੇ ਫਲੈਕਸ ਬੋਰਡ ਉਤਰਵਾਏ ਹਨ, ਉਹ ਭਾਵੇਂ ਕਾਂਗਰਸ, ਅਕਾਲੀ ਭਾਜਪਾ ਜਾਂ ਕਿਸੇ ਹੋਰ ਸੰਸਥਾ ਦੇ ਹੋਣ। ਇਸ ਮੌਕੇ ਇਕੱਤਰ ਹੋਏ ਅਕਾਲੀ ਭਾਜਪਾ ਆਗੂਆਂ ਨੇ ਮੌਕੇ ’ਤੇ ਹੀ ਹਟਾਏ ਗਏ ਬੋਰਡਾਂ ਨੂੰ ਦੁਬਾਰਾ ਉਸੇ ਹੀ ਥਾਂ ’ਤੇ ਲਗਵਾ ਦਿੱਤਾ। ਹਲਕਾ ਇੰਚਰਜ ਅਮਨਪ੍ਰੀਤ ਸਿੰਘ ਭੱਟੀ ਨੇ ਫਲੈਕਸ ਬੋਰਡ ਉਤਰਨ ਦੇ ਮਸਲੇ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਇਸ ਮਸਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ, ਕਾਂਗਰਸ ਜਾਂ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ ਤੱਥਹੀਨ ਹਨ।