ਬਾਘਾਪੁਰਾਣਾ: ਸਥਾਨਕ ਸ਼ਹਿਰ ਦੀ ਬਾਬਾ ਰੋਡੂ ਬਸਤੀ ਦੀ ਇਕ ਗਲੀ ’ਚ ਬਿਜਲੀ ਮੀਟਰਾਂ ਵਾਲੇ ਵੱਡੇ ਬਕਸੇ ਨੂੰ ਭਿਆਨਕ ਅੱਗ ਲੱਗ ਜਾਣ ਕਰ ਕੇ ਸਬੰਧਤ ਖਪਤਕਾਰਾਂ ਦੇ ਬਿਜਲੀ ਉਪਕਰਨ ਨੁਕਸਾਨੇ ਜਾਣ ਦਾ ਸਮਾਚਾਰ ਮਿਲਿਆ ਹੈ। ਭਿਆਨਕ ਅੱਗ ਨੂੰ ਵੇਖਦਿਆਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਖੁਦ ਹੀ ਅੱਗ ਨੂੰ ਬੁਝਾਇਆ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕੌਮ ਵੱਲੋਂ ਸਥਾਪਤ ਸਹਾਇਤਾ ਦਫ਼ਤਰ ’ਚ ਵਾਰ- ਵਾਰ ਫੋਨ ਕਰ ਕੇ ਇਤਲਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਇਕ ਘੰਟੇ ਬਾਅਦ ਮੁਲਾਜ਼ਮਾਂ ਨੇ ਫੋਨ ਸੁਣਿਆ। ਜਾਣਕਾਰੀ ਅਨੁਸਾਰ ਵੱਡੇ ਬਕਸੇ ਵਿਚ ਸਮਰੱਥਾ ਤੋਂ ਵੱਧ ਮੀਟਰ ਲੱਗੇ ਹੋਣ ਕਰ ਕੇ ਅਤੇ ਤਾਰਾਂ ਦੀ ਹਾਲਤ ਬੇਹੱਦ ਖਸਤਾ ਹੋਣ ਕਰ ਕੇ ਹੀ ਅੱਗ ਲੱਗੀ ਹੈ। ਵਿਭਾਗ ਦੀ ਕਥਿਤ ਅਣਗਹਿਲੀ ਉੱਪਰ ਮੁਹੱਲੇ ਦੇ ਖਪਤਕਾਰਾਂ ਨੇ ਰੋਸ ਪ੍ਰਗਟ ਕੀਤਾ ਹੈ ਤੇ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ। -ਪੱਤਰ ਪ੍ਰੇਰਕ