ਜਸਵੰਤ ਜੱਸ
ਫ਼ਰੀਦਕੋਟ, 20 ਜੁਲਾਈ
ਇੱਥੇ ਅੱਜ ਮਿਨੀ ਬੱਸ ਅਪਰੇਟਰ ਯੂਨੀਅਨ ਨੇ ਸਵਾਰੀਆਂ ਢੋਹ ਰਹੇ ਜੁਗਾੜੂ ਵਾਹਨਾਂ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਦਿਨ ਚੜ੍ਹਦੇ ਹੀ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ, ਜਿਸ ਕਰ ਕੇ ਬਾਬਾ ਫ਼ਰੀਦ ਯੂਨੀਵਰਸਿਟੀ, ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ, ਜ਼ਿਲ੍ਹਾ ਕਚਹਿਰੀਆਂ, ਮਿਨੀ ਸਕੱਤਰੇਤ ਅਤੇ ਰੇਲਵੇ ਸਟੇਸ਼ਨ ਆਦਿ ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ ਤੋਂ ਪਹਿਲਾਂ ਹੀ ਜਾਮ ਲੱਗਣ ਕਾਰਨ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦਾ ਕਾਫ਼ਲਾ ਵੀ ਇਸ ਜਾਮ ਵਿੱਚ ਫੱਸ ਗਿਆ। ਇਸ ਤੋਂ ਇਲਾਵਾ ਅਦਾਲਤਾਂ ਵਿੱਚ ਪਹੁੰਚਣ ਵਾਲੇ ਜੱਜ ਅਤੇ ਹੋਰ ਸਰਕਾਰੀ ਅਧਿਕਾਰੀ ਵੀ ਜਾਮ ਵਿੱਚ ਫਸੇ ਰਹੇ। ਮਿਨੀ ਬੱਸ ਅਪਰੇਟਰ ਯੂਨੀਅਨ ਦੇ ਆਗੂ ਦਲਜਿੰਦਰ ਸਿੰਘ ਸੰਧੂ ਅਤੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਮਿਨੀ ਬੱਸਾਂ ਦੇ ਮਾਲਕ ਹਰ ਸਾਲ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਵਜੋਂ ਅਦਾ ਕਰ ਰਹੇ ਹਨ ਜਦੋਂਕਿ ਇਲਾਕੇ ਵਿੱਚ ਸਵਾਰੀਆਂ ਢੋਹਣ ਦਾ ਕੰਮ ਜੁਗਾੜੂ ਵਾਹਨ ਕਰ ਰਹੇ ਹਨ ਜੋ ਕਿ ਨਿਯਮਾਂ ਮੁਤਾਬਕ ਸੜਕ ਉੱਤੇ ਚੱਲ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨ ਜਿੱਥੇ ਟੈਕਸ ਚੋਰੀ ਕਰ ਰਹੇ ਹਨ ਉੱਥੇ ਹੀ ਮੁਸਾਫ਼ਿਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ, ਕਿਉਂਕਿ ਕਿਸੇ ਵੀ ਜੁਗਾੜੂ ਵਾਹਨ ਦਾ ਬੀਮਾ ਵਗੈਰ੍ਹਾ ਨਹੀਂ ਹੈ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਜੁਗਾੜੂ ਵਾਹਨਾਂ ’ਤੇ ਪਾਬੰਦੀ ਨਾ ਲਗਾਈ ਗਈ ਤਾਂ ਸੂਬਾ ਪੱਧਰ ’ਤੇ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।