ਲਖਵਿੰਦਰ ਸਿੰਘ
ਮਲੋਟ, 20 ਜੁਲਾਈ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨਾਂ ਤੇ ਹੋਰ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅੱਜ ਸ਼ਹਿਰ ਦੇ ਇਕ ਦਰਜਨ ਵਾਰਡਾਂ ਵਿੱਚ ਮੀਂਹ ਪ੍ਰਭਾਵਿਤ ਲੋਕਾਂ ਦੀ ਸਾਰ ਲਈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਲੋਟ ਹਲਕਾ ਉਨ੍ਹਾਂ ਦਾ ਘਰ ਹੈ ਅਤੇ ਉਹ ਹਲਕੇ ਦੀ ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ। ਇਸ ਦੌਰਾਨ ਮੀਂਹ ਤੋਂ ਪ੍ਰਭਾਵਿਤ ਹੋਏ ਕਈ ਲੋਕਾਂ ਨੇ ਆਪੋ-ਆਪਣੇ ਘਰਾਂ ਦੇ ਹੋਏ ਨੁਕਸਾਨ ਸਬੰਧੀ ਮੰਤਰੀ ਬਲਜੀਤ ਕੌਰ ਕੋਲ ਮਦਦ ਲਈ ਫਰਿਆਦ ਕੀਤੀ। ‘ਆਪ’ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਵਿੱਚ ਘੱਟ ਕਰਮਚਾਰੀਆਂ ਦੇ ਮਸਲੇ ਦੇ ਹੱਲ ਲਈ ਵੀ ਮੰਤਰੀ ਨੇ ਹਾਮੀ ਭਰੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਲੋਟ ਹਲਕਾ ਉਨ੍ਹਾਂ ਦਾ ਘਰ ਹੈ ਤੇ ਉਹ ਹਲਕੇ ਦੀ ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਮੀਂਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਦੇਣ ਲਈ ਉਨ੍ਹਾਂ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕਰ ਦਿੱਤੀਆਂ ਹਨ। ਉਹ ਲਗਾਤਾਰ ਇਲਾਕੇ ਦੇ ਮੀਂਹ ਨਾਲ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਜਸਮੀਤ ਸਿੰਘ, ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਕਰਮਜੀਤ ਸ਼ਰਮਾ ਅਤੇ ਗਗਨਦੀਪ ਸਿੰਘ ਔਲਖ ਆਦਿ ਇਲਾਕੇ ਦੇ ਪਾਰਟੀ ਆਗੂ ਵੀ ਹਾਜ਼ਰ ਸਨ।
ਖੇਤਾਂ ’ਚ ਖੜ੍ਹੇ ਪਾਣੀ ਕਾਰਨ ਫ਼ਸਲਾਂ ਹੋ ਰਹੀਆਂ ਖ਼ਰਾਬ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਵੇਂ ਕਿ ਮੁਕਤਸਰ ਖੇਤਰ ਵਿੱਚ ਮੀਂਹ ਪਏ ਨੂੰ ਹਫਤਾ ਹੋ ਚੱਲਿਆ ਹੈ ਪਰ ਬਾਰਿਸ਼ਾਂ ਦਾ ਪਾਣੀ ਅਜੇ ਵੀ ਖੇਤਾਂ ਵਿੱਚ ਮਾਰੋ-ਮਾਰ ਕਰਦਾ ਫਿਰ ਰਿਹਾ ਹੈ ਜਿਸ ਕਰ ਕੇ ਨਰਮੇ ਤੇ ਮੂੰਗੀ ਦੀਆਂ ਫ਼ਸਲਾਂ ਅਤੇ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਖੇਤਾਂ ਤੇ ਸੜਕਾਂ ਵਿਚਾਲੇ ਬਣਾਏ ਗਏ ਸਾਈਫਨ ਬੰਦ ਹੋ ਗਏ ਹਨ ਜਿਸ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਅਤੇ ਪਾਣੀ ਖੇਤਾਂ ’ਚ ਹੀ ਖੜ੍ਹਾ ਹੈ। ਪਿੰਡ ਉਦੈਕਰਨ, ਥਾਂਦੇਵਾਲਾ, ਚੌਂਤਰਾ, ਖੁੰਡੇ ਹਲਾਲ, ਅਟਾਰੀ, ਫੱਤਣਵਾਲਾ ਆਦਿ ਦੇ ਖੇਤਾਂ ਵਿੱਚ ਜਮ੍ਹਾਂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਦਾ ਇਕ ਵਫ਼ਦ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਬਾਰਿਸ਼ਾਂ ਕਰ ਕੇ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਮੰਗਿਆ। ਇਸ ਮੌਕੇ ਕਿਸਾਨ ਆਗੂਆਂ ਗੁਰਭਗਤ ਸਿੰਘ ਭਲਾਈਆਣਾ, ਜੁਗਿੰਦਰ ਸਿੰਘ ਬੁੱਟਰ ਸਰੀਂ, ਆਦਿ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਫ਼ਸਲਾਂ ਦੇ ਖਰਾਬੇ ਦਾ ਅੱਧਾ ਮੁਆਵਜ਼ਾ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਜੋ ਕਿ ਕਿਸਾਨ ਅਗਲੀਆਂ ਫਸਲਾਂ ਬੀਜ ਸਕਣ। ਕਿਸਾਨਾਂ ਨੇ ਫ਼ਸਲਾਂ ਦੇ ਖਰਾਬੇ ਲਈ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਜਦਕਿ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਲਈ ਇਕ ਲੱਖ ਰੁਪਏ ਪ੍ਰਤੀ ਘਰ ਮੁਆਵਜ਼ਾ ਦੇਣ ਦੀ ਮੰਗ ਕੀਤੀ|
ਨੇਮਾਂ ਅਨੁਸਾਰ ਬਾਰਿਸ਼ਾਂ ਤੋਂ ਹਫ਼ਤੇ ਬਾਅਦ ਕਰਵਾਈ ਜਾਵੇਗੀ ਗਿਰਦਾਵਰੀ: ਡੀਸੀ
ਉੱਧਰ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਨੇਮਾਂ ਅਨੁਸਾਰ ਬਾਰਿਸ਼ਾਂ ਤੋਂ ਇਕ ਹਫਤੇ ਬਾਅਦ ਫ਼ਸਲਾਂ ਦੇ ਖਰਾਬੇ ਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਮਕਾਨਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਪਟਵਾਰੀ ਪਿੰਡ-ਪਿੰਡ ਜਾ ਕੇ ਪੜਤਾਲ ਕਰਨਗੇ| ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਐੱਸਡੀਐੱਮ ਜਾਂ ਡੀਸੀ ਦਫਤਰ ਵਿੱਚ ਆ ਕੇ ਅਰਜ਼ੀ ਨਾ ਦੇਵੇ ਕਿਉਂਕਿ ਉਨ੍ਹਾਂ ਦੀ ਪੜਤਾਲ ਘਰ ਬੈਠਿਆਂ ਹੀ ਹੋਵੇਗੀ।