ਪੱਤਰ ਪ੍ਰੇਰਕ
ਧਨੌਲਾ, 23 ਅਕਤੂਬਰ
ਇੱਥੋਂ ਦੇ ਬੰਗੇਹਰ ਪੱਤੀ ਰੋਡ ’ਤੇ ਸਥਿਤ ਗੁਰਦੁਆਰਾ ਰਾਮਸਰ ਮਾਰਕੀਟ ਦੀਆਂ ਦੁਕਾਨਾਂ ਅੱਗੇ ਲੱਗਿਆ ‘ਨੋ ਫਾਰਮਰ ਨੋ ਫੂਡ’ ਦਾ ਨਾਅਰਾ ਦਰਸਾਉਂਦਾ ਅਤੇ ਦੁਕਾਨਾਂ ਦੇ ਬੋਰਡ ਸ਼ਰਾਰਤੀ ਅਨਸਰਾਂ ਵੱਲੋਂ ਤੋੜਨ ’ਤੇ ਦੁਕਾਨਦਾਰਾਂ ਵਿੱਚ ਰੋਸ ਹੈ। ਇਸ ਸਬੰਧੀ ਦੁਕਾਨ ਕਰਮਚਾਰੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਦੁਕਾਨਾਂ ਦੇ ਬੋਰਡ ਇੱਟਾਂ ਮਾਰ ਕੇ ਤੋੜੇ ਗਏ ਹਨ। ਇਸ ਘਟਨਾ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ਮੌਕੇ ਲੱਗਿਆ ਜਿਸਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਦੁਕਾਨਦਾਰ ਕੁਲਦੀਪ ਸਿੰਘ, ਜੀਵਨ ਕੁਮਾਰ, ਅਮਨਦੀਪ ਬਾਂਸਲ, ਹਰਦੀਪ ਸਿੰਘ, ਗਗਨਦੀਪ ਸਿੰਘ ਤੇ ਅਭਿਸ਼ੇਕ ਗੋਇਲ ਨੇ ਦੱਸਿਆ ਕਿ ਰਾਤ ਸਮੇਂ ਸ਼ਰਾਰਤੀ ਅਨਸਰਾਂ ਵੱਲੋਂ ਕਈ ਦਿਨਾਂ ਤੋਂ ਦੁਕਾਨਦਾਰਾਂ ਦੇ ਕੀਮਤੀ ਬੋਰਡ ਤੋੜਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਲੀਸ ਤੋਂ ਰਾਤ ਸਮੇਂ ਬਜ਼ਾਰਾਂ ਵਿੱਚ ਨਫ਼ਰੀ ਵਧਾਉਣ ਦੀ ਮੰਗ ਕੀਤੀ।