ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 14 ਜੂਨ
ਸੀਮਾਪੱਟੀ ’ਤੇ ਪੈਂਦੇ ਪਿੰਡ ਚੱਕ ਖੀਵਾ ਦੇ ਖੇਤੀਬਾੜੀ ਰਕਬੇ ਨੂੰ ਲੈ ਕੇ ਪਿਛਲੇ ਕੁੱਝ ਸਾਲਾਂ ਤੋਂ ਦੋ ਧਿਰਾਂ ਵਿਚਾਲੇ ਚੱਲਦਾ ਰਿਹਾ ਜ਼ਮੀਨੀ ਵਿਵਾਦ ਵਿਧਾਇਕ ਰਮਿੰਦਰ ਆਵਲਾ ਦੀ ਬਦੌਲਤ ਹੱਲ ਹੋ ਗਿਆ ਹੈ। ਇਸ ਦੌਰਾਨ ਦੋਹਾਂ ਧਿਰਾਂ ਨੇ ਆਪਸੀ ਹਲਫ਼ੀਆ ਬਿਆਨ ਦੇ ਕੇ ਲਿਖਤੀ ਵਿੱਚ ਰਾਜ਼ੀਨਾਮਾ ਕਰ ਲਿਆ ਅਤੇ ਇਸ ਮਾਮਲੇ ’ਚ ਪੈਸੇ ਹੜੱਪਣ ਵਾਲੇ ਦਲਾਲਾਂ ਵਿਰੁੱਧ ਵਿਧਾਇਕ ਨੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲੱਖੇ ਕੇ ਉਤਾੜ ਤਹਿਸੀਲ ਜਲਾਲਾਬਾਦ ਨੇ ਆਪਣੀ ਮਾਲਕੀ ਜ਼ਮੀਨ 22 ਕਨਾਲਾਂ 6 ਮਰਲੇ ਦਾ ਬਿਆਨਾਂ ਗੁਰਜੰਟ ਸਿੰਘ ਪੁੱਤਰ ਖਾਨ ਸਿੰਘ ਵਾਸੀ ਚੱਕ ਖੀਵਾ ਦੇ ਨਾਂਅ 32 ਲੱਖ 25 ਹਜ਼ਾਰ ਰੁਪਏ ਵਿੱਚ 13 ਜੁਲਾਈ 2016 ਨੂੰ ਕਰ ਦਿੱਤਾ ਸੀ। ਇਸ ਦੌਰਾਨ ਦਲਾਲਾਂ ਵੱਲੋਂ ਗੁਰਜੰਟ ਸਿੰਘ ਨੂੰ ਜ਼ਮੀਨ ਦਾ ਕਬਜ਼ਾ ਪਹਿਲਾਂ ਦਿਵਾ ਦਿੱਤਾ ਗਿਆ, ਪਰ ਰਜਿਸਟਰੀ ਨਾ ਹੋਣ ਕਾਰਨ ਮਾਮਲਾ ਲਟਕਦਾ ਰਿਹਾ। ਬੀਤੇ ਦਿਨੀਂ ਉਨ੍ਹਾਂ ਨੇ ਇਹ ਮਾਮਲਾ ਵਿਧਾਇਕ ਸ੍ਰੀ ਆਵਲਾ ਕੋਲ ਲਿਆਂਦਾ। ਤੇ ਮਿੱਥੇ ਸਮੇਂ ਅਨੁਸਾਰ ਦੋਹਾਂ ਧਿਰਾਂ ਨੂੰ ਬੁਲਾ ਕੇ ਰਾਜੀਨਾਮਾ ਕਰਵਾਇਆ ਅਤੇ ਗੁਰਜੰਟ ਸਿੰਘ ਨੂੰ 16 ਲੱਖ 70 ਹਜ਼ਾਰ ਰੁਪਏ ਦੀ ਅਦਾਇਗੀ ਵਾਪਸ ਕਰਵਾਈ। ਬਾਕੀ ਰਹਿੰਦੀ ਰਕਮ ਦਲਾਲਾਂ ਤੋਂ ਵਾਪਸ ਕਰਵਾਉਣ ਲਈ ਪੁਲੀਸ ਪ੍ਰਸ਼ਾਸਨ ਨੂੰ ਕਾਰਵਾਈ ਲਈ ਕਿਹਾ ਹੈ। ਇਸ ਮੌਕੇ ਜੋਨ ਇੰਚਾਰਜ ਡਾ. ਸ਼ੰਟੀ ਕਪੂਰ, ਰਾਜ ਬਖਸ਼ ਕੰਬੋਜ, ਰਾਣਾ ਚੌਧਰੀ, ਕੁੰਦਨ ਸਿੰਘ ਖੀਵਾ, ਕਪਤਾਨ ਛਾਬੜਾ, ਗਿਆਨ ਸਿੰਘ ਨੰਬਰਦਾਰ, ਮਨਜੀਤ ਭੰਬਾਵੱਟੂ, ਨਿਰਮਲ ਸਿੰਘ, ਕੇਵਲ ਸਿੰਘ ਸਰਪੰਚ ਅਤੇ ਕੁਲਵਿੰਦਰ ਸਿੰਘ ਸਰਪੰਚ ਮੌਜੂਦ ਸਨ।