ਐੱਨ ਪੀ ਸਿੰਘ
ਬੁਢਲਾਡਾ, 19 ਦਸੰਬਰ
ਪੋਹ ਮਹੀਨੇ ਦੀ ਕੜਾਕੇਦਾਰ ਠੰਢ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕਰਦਿਆਂ ਲੋਕਾਂ ਦੇ ਕੜਿੱਲ ਕੱਢੇ ਹੋਏ ਹਨ, ਉੱਥੇ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ 78 ਦਿਨਾਂ ਤੋਂ ਜਾਰੀ 30 ਕਿਸਾਨ ਜਥੇਬੰਦੀਆਂ ਦਾ ਏਕਾ ਠੰਢ ਦੇ ਕਹਿਰ ਦੀ ਪਰਵਾਹ ਨਹੀਂ ਕਰ ਰਿਹਾ। ਇਸ ਮੋਰਚੇ ਦੀ ਅਗਵਾਈ ਮੁੱਖ ਤੌਰ ’ਤੇ ਹੁਣ ਹਰਿੰਦਰ ਸਿੰਘ ਸੋਢੀ ਤੇ ਸਵਰਨਜੀਤ ਸਿੰਘ ਦਲਿਓਂ ਕਰ ਰਹੇ ਹਨ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਡਕੌਂਦਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਗੁਰਮੇਲ ਸਿੰਘ, ਕਿਸਾਨ ਪ੍ਰੀਤਮ ਸਿੰਘ, ਕਿਸਾਨ ਸਰੂਪ ਸਿੰਘ ਨੇ ਕਿਹਾ ਕਿ ਲਗਾਤਾਰ ਪੈ ਰਹੀ ਠੰਢ ਮੋਰਚੇ ਨੂੰ ਉਦੋਂ ਤੱਕ ਠੰਢਾ ਨਹੀਂ ਕਰ ਸਕਦੀ ਜਦੋਂ ਤੱਕ ਭਾਜਪਾ ਦੀ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਤੋਂ ਪਿੱਛੇ ਨਹੀਂ ਹਟ ਜਾਂਦੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮਾਸਟਰ ਗੁਰਦਾਸ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਗੰਢੂਕਲਾਂ, ਸੇਵਾ ਮੁਕਤ ਥਾਣੇਦਾਰ ਪ੍ਰੀਤਮ ਸਿੰਘ, ਗੁਰਚਰਨ ਦਾਸ ਬੋੜਾਵਾਲ ਤੇ ਚਾਨਣ ਸਿੰਘ ਗੁਰਨੇ ਸ਼ਾਮਲ ਸਨ। ਧਰਨੇ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਕਿਸਾਨੀ ਗੀਤ ਗਾ ਕੇ ਸਾਰਿਆਂ ਦਾ ਮਨ ਜਿੱਤ ਲਿਆ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ 80ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਇਸ ਮੌਕੇ ਆਗੂ ਹੁਸ਼ਿਆਰ ਸਿੰਘ, ਦਰਸ਼ਨ ਮਾਈਸਰਖਾਨਾ, ਸੀਤਾ ਕੋਠਾ ਗੁਰੂ ਤੇ ਮਾਸਟਰ ਸੁਖਦੇਵ ਸਿੰਘ ਨੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ਾਂ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ 20 ਤੋਂ 23 ਦਸੰਬਰ ਤੱਕ ਪਿੰਡਾਂ ਵਿੱਚ ਅਤੇ 24 ਦਸੰਬਰ ਨੂੰ ਬਲਾਕ ਪੱਧਰੀ ਇਕੱਠ ਕਰ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ 27 ਦਸੰਬਰ ਨੂੰ ਦੁਬਾਰਾ ਟਰੈਕਟਰ ਟਰਾਲੀਆਂ ਦੇ ਵੱਡੇ ਕਾਫ਼ਲਿਆਂ ਰਾਹੀਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇਸ ਮੌਕੇ ਆਗੂ ਸਿਮਰਜੀਤ ਸਿੰਘ, ਅਵਤਾਰ ਸਿੰਘ, ਪਰਮਜੀਤ ਕੋਟੜਾ ਨੇ ਸੰਬੋਧਨ ਕੀਤਾ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਅੱਜ ਸੂਬੇ ਦੀਆਂ ਦੋ ਸੰਸਥਾਵਾਂ ਵਿੱਚ ਰਹਿੰਦੇ 51 ਨੇਤਰਹੀਣਾਂ ਵੱਲੋਂ ਦਿੱਲੀ ਵਿੱਚ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਗਈ। ਟੱਲੇਵਾਲ ਨੇੜਲੇ ਪਿੰਡ ਨਰਾਇਣਗੜ੍ਹ ਸੋਹੀਆਂ ਵਿੱਚ ਨੇਤਰਹੀਣ ਆਸ਼ਰਮ ਚਲਾ ਰਹੇ ਬਾਬਾ ਸੂਬਾ ਸਿੰਘ ਦੀ ਅਗਵਾਈ ਵਿੱਚ ਨੇਤਰਹੀਣਾਂ ਵੱਲੋਂ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਦੇ ਨਾਲ ਲੁਧਿਆਣਾ ਦੀ ਭਾਰਤ ਨੇਤਰਹੀਣ ਸੇਵਾ ਸਮਾਜ ਸੰਸਥਾ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਕਾਫ਼ਲੇ ਵਿੱਚ ਅੱਖੋਂ ਮੁਨਾਖ਼ੇ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਸਨ।
ਬਾਬਾ ਸੂਬਾ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨੇਤਰਹੀਣ ਸਮਾਜ ਵੱਲੋਂ ਉਹ ਅੱਜ ਸੰਕੇਤਕ ਰੂਪ ਵਿੱਚ ਆਏ ਹਨ ਪਰ ਜੇਕਰ ਲੋੜ ਪਈ ਤਾਂ ਪੱਕੇ ਤੌਰ ’ਤੇ ਵੀ ਇਸ ਮੋਰਚੇ ਵਿੱਚ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ।
ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਭਾਜਪਾ ਆਗੂਆਂ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨਿਆਂ ਤਹਿਤ ਅੱਜ ਇੱਥੇ ਭਾਜਪਾ ਦੇ ਸੂਬਾਈ ਆਗੂ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ 43ਵੇਂ ਦਿਨ ਧਰਨਾ ਜਾਰੀ ਰਿਹਾ। ਜਥੇਬੰਦੀ ਦਾ ਬਣਾਵਾਲਾਂ ਥਰਮਲ ਪਲਾਂਟ ਅੱਗੇ ਵੀ ਧਰਨਾ ਕਾਇਮ ਰਿਹਾ। ਨੌਜਵਾਨ ਕਿਸਾਨ ਆਗੂ ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡਾਂ ’ਚੋਂ ਕਿਸਾਨ, ਮਜ਼ਦੂਰ, ਬੁੱਧੀਜੀਵੀ ਵਰਗ ਅਤੇ ਮਾਵਾਂ-ਭੈਣਾਂ ਦੇ ਜਥੇ ਦਿੱਲੀ ਵੱਲ ਚਾਲੇ ਪਾ ਰਹੇ ਹਨ।
ਆਵਲਾ ਵੱਲੋਂ ਜੰਤਰ-ਮੰਤਰ ਵਿੱਚ ਚੱਲ ਰਹੇ ਧਰਨੇ ’ਚ ਸ਼ਿਰਕਤ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸੀ ਵਿਧਾਇਕ ਤੇ ਸੰਸਦ ਮੈਂਬਰ ਦਿੱਲੀ ’ਚ ਜੰਤਰ ਮੰਤਰ ਵਿੱਚ ਧਰਨਾ ਦੇ ਰਹੇ ਹਨ। ਇਸੇ ਤਹਿਤ ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਆਵਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੁੱਖ-ਸ਼ਾਂਤੀ ਤੇ ਅਮਨ ਵਿਵਸਥਾ ਬਣੀ ਰਹੇ, ਇਸ ਲਈ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
ਸਟੋਰ ਮਾਲਕ ਨੇ ਪਤੰਜਲੀ ਦਾ ਸਾਮਾਨ ਸੁੱਟ ਕੇ ਰੋਸ ਪ੍ਰਗਟਾਇਆ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਭਾਰਤ ਵਿੱਚ ਲੋਕ ਸਰਮਾਏਦਾਰ ਘਰਾਣਿਆਂ ਵੱਲੋਂ ਤਿਆਰ ਖਾਣ ਪੀਣ ਦੀਆਂ ਵਸਤਾਂ ਦਾ ਬਾਈਕਾਟ ਕਰ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ‘ਨਿਊ ਇੰਡੀਆ ਸਵੀਟ ਐਂਡ ਸਪਾਈਸ’ ਦੇ ਮਾਲਕ ਜਸਵਿੰਦਰ ਸਿੰਘ ਵੱਲੋਂ ਰਾਮਦੇਵ ਦੀ ਪਤੰਜਲੀ ਕੰਪਨੀ ਦੇ ਸਾਮਾਨ ਨੂੰ ਕੂੜੇਦਾਨ ਵਿੱਚ ਸੁੱਟਕੇ ਆਪਣਾ ਰੋਸ ਪ੍ਰਗਟਾਇਆ ਗਿਆ। ਸਾਹਿਤਕਾਰ ਨੀਟਾ ਮਾਛੀਕੇ ਦੱਸਿਆ ਕਿ ਹੋਰ ਇੰਡੀਅਨ ਸਟੋਰਾਂ ਦੇ ਮਾਲਕ ਵੀ ਅੰਬਾਨੀ, ਅਡਾਨੀ ਅਤੇ ਰਾਮਦੇਵ ਦੇ ਸਾਮਾਨ ਦਾ ਬਾਈਕਾਟ ਕਰਨ ਜਾ ਰਹੇ ਹਨ। ਇਸ ਮੌਕੇ ਹਾਕਮ ਸਿੰਘ ਢਿੱਲੋਂ, ਜਰਨੈਲ ਸਿੰਘ ਵੜੈਚ, ਗਿੱਲ ਟਰੱਕਿੰਗ ਵਾਲੇ ਜੰਗੀਰ ਸਿੰਘ ਗਿੱਲ ਤੇ ਗੁਰਿੰਦਰਜੀਤ ਨੀਟਾ ਨੇ ਵੀ ਜਸਵਿੰਦਰ ਨੂੰ ਸ਼ਾਬਾਸ਼ ਦਿੱਤੀ।