ਜਸਵੰਤ ਜੱਸ
ਫ਼ਰੀਦਕੋਟ, 1 ਅਗਸਤ
ਸ਼ਹਿਰ ਦੀ ਇਤਿਹਾਸਕ ਈਦਗਾਹ ਵਿੱਚ ਮੁਸਲਿਮ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਮੁਸਲਮਾਨ ਭਾਈਚਾਰੇ ਨੇ ਈਦ-ਉਲ-ਜ਼ੁਹਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ। ਮੁਸਲਮਾਨਾਂ ਦੇ ਇਸ ਜਸ਼ਨ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਖੁੱਲ੍ਹ ਕੇ ਸ਼ਮੂਲੀਅਤ ਕੀਤੀ। ਹਾਲਾਂਕਿ ਕਰੋਨਾਵਾਇਰਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਮਾਜ਼ ਲਈ ਈਦਗਾਹ ਵਿੱਚ 20 ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੀ ਦਿੱਤੀ ਸੀ, ਜਿਸ ਕਰਕੇ ਈਦਗਾਹ ਵਿੱਚ ਸਮੁੱਚਾ ਮੁਸਲਿਮ ਭਾਈਚਾਰਾ ਇਕੱਤਰ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ ਘਰਾਂ ਵਿੱਚ ਰਹਿ ਕੇ ਹੀ ਇਹ ਤਿਉਹਾਰ ਮਨਾਇਆ। ਸੁਸਾਇਟੀ ਦੇ ਪ੍ਰਧਾਨ ਦਿਲਾਵਰ ਹੁਸੈਨ ਨੇ ਦੱਸਿਆ ਕਿ ਈਦ-ਉਲ-ਜ਼ੁਹਾ ਤਿਉਹਾਰ ਦਾ ਸਬੰਧ ਹਜ਼ਰਤ ਇਬਰਾਹਿਮ ਅਲੈ ਅਸਲਾਮ ਨਾਲ ਹੈ। ਇਸ ਮੌਕੇ ਇਕਬਾਲ ਖਾਨ, ਡਾ. ਸੁਖਦੇਵ ਧਾਲੀਵਾਲ, ਜਾਵੇਦ, ਅਨਿਲ ਕੁਰੈਸ਼ੀ, ਸਫ਼ੀ ਕੁਲ, ਮੁਹੰਮਦ ਮੁੰਨਾ, ਇਜ਼ਰਾਇਲ ਅਤੇ ਅਕਬਰ ਅਲੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਈਦ-ਉਲ-ਜ਼ੁਹਾ ਦੀ ਨਮਾਜ਼ ਕਬਰਸਤਾਨ ਮਸਜਿਦ ਮਾਨਸਾ ਵਿੱਚ ਕੋਵਿਡ-19 ਕਾਰਨ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਸੋਸ਼ਲ ਡਿਸਟੈਂਸਿੰਗ ਨਾਲ ਅਦਾ ਕੀਤੀ ਗਈ। ਇਸ ਮੌਕੇ ਹਾਫਿਜ ਹਾਜੀ ਉਮਰਦੀਨ ਨੇ ਪਹੁੰਚੇ ਹੋਏ ਲੋਕਾਂ ਕੁਰਬਾਨੀ ਦੇ ਮਹੱਤਵ ਬਾਰੇ ਦੱਸਿਆ ਅਤੇ ਸਭ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਦੇ ਉਪਾਅ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਚੱਲਣ ਦੀ ਸਲਾਹ ਦਿੱਤੀ। ਈਦ-ਉਲ-ਜ਼ੁਹਾ ਦੀ ਨਮਾਜ ਦਾ ਪ੍ਰਬੰਧ ਮੁਸਲਿਮ ਕਮੇਟੀ ਦੁਆਰਾ ਕੀਤਾ ਗਿਆ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਇੰਤਜਾਮੀਆ ਕਮੇਟੀ ਵੱਲੋਂ ਜਾਮਾ ਮਸਜਿਦ ਕੋਠਾ ਗੁਰੂ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਮਸਜਿਦ ਦੇ ਇਮਾਮ ਮੁਹੰਮਦ ਫੈਜਾਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਅਦਾ ਕਰਵਾਈ। ਇੰਤਜਾਮੀਆ ਕਮੇਟੀ ਦੇ ਪ੍ਰਧਾਨ ਡਾ. ਸੋਮ ਖਾਨ ਮੱਲੇ ਵਾਲੇ, ਮਹਿੰਦਰ ਖਾਨ, ਜੱਗਾ ਖਾਨ, ਰਾਣਾ ਖਾਨ, ਬਸੀਰ ਖਾਨ ਨੇ ਬਕਰੀਦ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਯੂਥ ਅਕਾਲੀ ਆਗੂ ਮੇਵਾ ਸਿੰਘ ਮਾਨ, ਕੌਂਸਲਰ ਖੰਨਾ ਬਾਜਵਾ, ਹਰਬੰਸ ਸਿੰਘ ਤੋਂ ਇਲਾਵਾ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਰਾਵਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਵਧਾਈ ਦਿੱਤੀ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਸਿੰਘ ਰੌਂਤਾ): ਇੱਥੇ ਅਬੁਬੱਕਰ ਮਸਜਿਦ ਵਿੱਚ ਬਕਰੀਦ ਮੁਸਲਿਮ ਫ਼ਰੰਟ ਪੰਜਾਬ ਦੇ ਚੇਅਰਮੈਨ ਡਾ ਫ਼ਕੀਰ ਮੁਹੰਮਦ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਆਪ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਡਾ. ਹਰਗੁਰਪ੍ਰਤਾਪ ਸਿੰਘ ਅਤੇ ਪੱਪੂ ਗਰਗ ਨੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਜ਼ੁਹਾ ਦੀਆਂ ਮੁਬਾਰਕਾਂ ਦਿੱਤੀਆਂ। ਮੁਸਲਿਮ ਭਾਈਚਾਰੇ ਵੱਲੋਂ ਅਹਿਮ ਸ਼ਖ਼ਸੀਅਤਾਂ ਅਤੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਕੀਤਾ ਗਿਆ।
ਸ਼ਹਿਣਾ (ਪ੍ਰਮੋਦ ਸਿੰਗਲਾ): ਕਸਬੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਕਰੋਨਾ ਮਹਾਮਾਰੀ ਕਰਕੇ ਘਰਾਂ ਵਿੱਚ ਰਹਿ ਕੇ ਹੀ ਮਨਾਇਆ ਗਿਆ।
ਪੰਚਾਇਤ ਵੱਲੋਂ ਕਬਰਸਤਾਨ ਵਿੱਚ ਹਾਲ ਬਣਾਉਣ ਦਾ ਫ਼ੈਸਲਾ
ਟੱਲੇਵਾਲ (ਪੱਤਰ ਪ੍ਰੇਰਕ): ਈਦ-ਉਲ-ਜ਼ੁਹਾ (ਬਕਰੀਦ) ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਦੀਵਾਨਾ ਦੀ ਪੰਚਾਇਤ ਵੱਲੋਂ ਮੁਸਲਮਾਨ ਭਾਈਚਾਰੇ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਹੈ। ਸਰਪੰਚ ਰਣਧੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਸਲਮਾਨ ਭਾਈਚਾਰੇ ਵੱਲੋਂ ਕਬਰਸਤਾਨ ਵਿੱਚ ਹਾਲ ਬਨਾਉਣ ਲਈ ਕਈ ਸਾਲਾਂ ਤਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਬਰਾਂ ਵਿੱਚ ਬੈਠਣ-ਖੜਨ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਭਾਈਚਾਰੇ ਦੇ ਲੋਕਾਂ ਨੂੰ ਸਮੱਸਿਆ ਆਉਂਦੀ ਸੀ। ਇਸ ਦੇ ਮੱਦੇਨਜ਼ਰ ਪੰਚਾਇਤ ਵਲੋਂ 3 ਲੱਖ ਦੀ ਲਾਗਤ ਨਾਲ ਹਾਲ ਕਮਰਾ ਬਨਾਉਣ ਦਾ ਫ਼ੈਸਲਾ ਕੀਤਾ ਹੈ। ਮੁਸਲਮਾਨ ਭਾਈਚਾਰੇ ਵੱਲੋਂ ਪੰਚ ਮੱਘਰਦੀਨ ਨੇ ਇਸ ਐਲਾਨ ’ਤੇ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਸੁਖਵਿੰਦਰ ਸਿੰਘ ਗੋਰਾ, ਸੁਖਦੇਵ ਸਿੰਘ ਸੁੱਖਾ ਅਤੇ ਗੁਰਦੀਪ ਸਿੰਘ ਪ੍ਰਧਾਨ ਕਾਂਗਰਸ ਹਾਜ਼ਰ ਸਨ।