ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 12 ਅਗਸਤ
ਸਰਕਾਰੀ ਹੁਕਮਾਂ ਮੁਤਾਬਕ ਅੱਜ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਨੇ ਇੱਥੋਂ ਦੇ ਬਾਜ਼ਾਰਾਂ ਵਿੱਚ ਤਿਰੰਗਾ ਝੰਡਾ ਵੇਚੇ ਜਾਣ ਦੀ ਮੁਹਿੰਮ ਚਲਾਈ। ਇਸਦੇ ਨਾਲ ਹੀ ਨਗਰ ਪੰਚਾਇਤ ਦੀ ਟੀਮ ਨੇ ਲੋਕਾਂ ਨੂੰ ਆਜ਼ਾਦੀ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਹੋਇਆਂ ਘਰ ਘਰ ਤਿਰੰਗਾ ਝੰਡਾ ਲਹਿਰਾਉਣ ਲਈ ਜਾਗਰੂਕ ਕੀਤਾ। ਨਗਰ ਪੰਚਾਇਤ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਗਈ ਟੀਮ ਜਿਸ ਵਿੱਚ ਸਫ਼ਾਈ ਸੁਪਰਵਾਈਜ਼ਰ ਬਲਵਿੰਦਰ ਸਿੰਘ ਵਿੱਕੀ, ਰੁਪਿੰਦਰ ਕੌਰ ਧਰਮਕੋਟ ਅਤੇ ਵੀਨਾ ਰਾਣੀ ਮੋਗਾ ਆਦਿ ਸ਼ਾਮਲ ਸਨ, ਨੇ ਅੱਜ ਇੱਥੋਂ ਦੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਉਪਰਲੇ ਹੁਕਮਾਂ ਤਹਿਤ ਤਿਰੰਗੇ ਝੰਡੇ ਮੁੱਲ ਵਿੱਚ ਲੈਣ ਲਈ ਪ੍ਰੇਰਿਤ ਕੀਤਾ।
ਇਸ ਸਰਕਾਰੀ ਝੰਡੇ ਦੀ ਕੀਮਤ ਪੱਚੀ ਰੁਪਏ ਮਿੱਥੀ ਗਈ ਸੀ। ਟੀਮ ਵੱਲੋਂ ਦੁਕਾਨਦਾਰਾਂ ਨੂੰ ਜਿੱਥੇ 15 ਅਗਸਤ ਨੂੰ ਦੇਸ਼ ਦੇ ਆਜ਼ਾਦੀ ਜਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਉੱਥੇ ਨਾਲ ਹੀ ਸਰਕਾਰ ਵੱਲੋਂ ਭੇਜੇ ਗਏ ਤਿਰੰਗੇ ਝੰਡੇ ਵੀ ਦਿੱਤੇ ਗਏ ਜਿਨ੍ਹਾਂ ਦੀ ਕੀਮਤ 25 ਰੁਪਏ ਪ੍ਰਤੀ ਝੰਡਾ ਸਰਕਾਰ ਵੱਲੋਂ ਮੁਕੱਰਰ ਕੀਤੀ ਗਈ ਹੈ। ਤਿਰੰਗੇ ਝੰਡੇ ਵੇਚਣ ਵਾਲੀ ਟੀਮ ਦੀ ਅਗਵਾਈ ਕਰ ਰਹੇ ਬਲਵਿੰਦਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਜ਼ਾਰ ਵਿੱਚ ਲਗਪਗ ਪੰਜਾਹ ਤਿਰੰਗੇ ਝੰਡੇ ਸਰਕਾਰੀ ਕੀਮਤ ’ਤੇ ਵੇਚੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲਾਂ, ਪੈਟਰੋਲ ਪੰਪਾਂ ਅਤੇ ਹੋਰ ਬਾਰਸੂਖ਼ ਲੋਕਾਂ ਨੂੰ ਵੀ ਤਿਰੰਗੇ ਝੰਡੇ ਵੇਚੇ ਗਏ ਹਨ। ਬਾਜ਼ਾਰ ਦੇ ਕੁਝ ਦੁਕਾਨਦਾਰਾਂ ਵੱਲੋਂ ਇਹ ਮੁੱਲ ਵਾਲੇ ਤਿਰੰਗੇ ਝੰਡੇ ਲੈਣ ਤੋਂ ਇਨਕਾਰ ਵੀ ਕੀਤਾ ਗਿਆ। ਬਾਜ਼ਾਰ ਦੇ ਦੁਕਾਨਦਾਰਾਂ ਵਰਿੰਦਰ ਸਿੰਘ ਖ਼ਾਲਸਾ ਅਤੇ ਕਰਮਜੀਤ ਸਿੰਘ ਖ਼ਾਲਸਾ ਨੂੰ ਦਾ ਇਸ ਸਬੰਧੀ ਕਹਿਣਾ ਸੀ ਕਿ ਉਹ ਦੇਸ਼ ਦੇ ਤਿਰੰਗੇ ਝੰਡੇ ਦਾ ਸਤਿਕਾਰ ਤਾਂ ਕਰਦੇ ਹਨ ਪਰ ਸਰਕਾਰ ਵੱਲੋਂ ਜਬਰੀ ਥੋਪੇ ਜਾ ਰਹੇ ਇਨ੍ਹਾਂ ਝੰਡਿਆਂ ਨੂੰ ਮੁੱਲ ਵਿੱਚ ਨਹੀਂ ਖਰੀਦਣਗੇ।
ਕੇਂਦਰ ਸਰਕਾਰ ਵੱਲੋਂ ਇਸ ਵਾਰ ਆਜ਼ਾਦੀ ਜਸ਼ਨਾਂ ਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹੋਏ ਦੇਸ਼ ਭਰ ਦੇ ਲੋਕਾਂ ਨੂੰ ਆਪਣੇ ਘਰਾਂ ’ਤੇ ਤਿਰੰਗੇ ਝੰਡੇ ਲਹਿਰਾਉਣ ਬਾਰੇ ਅਪੀਲ ਕੀਤੀ ਗਈ ਸੀ। ਪੰਜਾਬ ਦੀਆਂ ਕੁਝ ਪੰਥਕ ਧਿਰਾਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਮੁੱਖ ਹੈ, ਨੇ ਪੰਜਾਬ ਵਾਸੀਆਂ ਨੂੰ ਆਪਣੇ ਘਰਾਂ ਉੱਪਰ ਖਾਲਸਾਈ ਕੇਸਰੀ ਝੰਡੇ ਲਹਿਰਾਉਣ ਬਾਰੇ ਵੀ ਕਿਹਾ ਜਾ ਰਿਹਾ ਹੈ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਰਾਜੇਸ਼ ਖੋਸਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨਗਰ ਪੰਚਾਇਤ ਦੀ ਟੀਮ ਵੱਲੋਂ ਅੱਜ ਦੁਕਾਨਦਾਰਾਂ ਨੂੰ ਆਜ਼ਾਦੀ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਜਿੱਥੇ ਸੱਦਾ ਦਿੱਤਾ ਗਿਆ, ਉਥੇ ਨਾਲ ਹੀ ਆਪਣੇ ਘਰਾਂ ਅਤੇ ਦੁਕਾਨਾਂ ਉੱਪਰ ਤਿਰੰਗੇ ਝੰਡੇ ਲਹਿਰਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ।