ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ
ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਭਾਵੇਂ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਚੁੱਕੀ ਹੈ, ਪਰ ਮੱਛਰਾਂ ਦੀ ਫੌਜ ਲਗਾਤਾਰ ਲੋਕਾਂ ਨੂੰ ਡੰਗਦੀ ਜਾ ਰਹੀ ਹੈ। ਡੇਂਗੂ ਦੇ ਡੰਗ ਨਾਲ ਜੂਝ ਰਹੇ ਲੋਕਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲ ਸਕੀ, ਜਦੋਂ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਾਰਵੇ ਵਾਲੇ ਸੈਂਪਲ ਲੈਣ ਦਾ ਕਾਰਜ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਮਾਨਸਾ ਤੋਂ ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 29 ਅਤੇ ਮਲੇਰੀਏ ਦੇ 13 ਕੇਸ ਹਨ। 75 ਘਰਾਂ ਵਿੱਚੋਂ ਡੇਂਗੂ, ਮਲੇਰੀਏ ਦਾ ਲਾਰਵਾ ਮਿਲਿਆ ਅਤੇ ਉਸ ਨੂੰ ਨਸ਼ਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਡੇਂਗੂ, ਮਲੇਰੀਆ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਐਪੋਡੀਮੋਲੋਜਿਸਟ ਡਾ. ਸੰਤੋਸ਼ ਭਾਰਤੀ ਉਨ੍ਹਾ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਮਾਸ ਪੇਸ਼ੀਆਂ ਵਿੱਚ ਦਰਦ,ਚਮੜੀ ’ਤੇ ਲਾਲ ਦਾਣੇ, ਨੱਕ ਮੂੰਹ ਜਾਂ ਮਸੂੜਿਆਂ ਚੋਂ ਖੂਨ ਵਗਣਾ ਡੇਂਗੂ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ।