ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ
ਕਰੋਨਾ ਦੇ ਡਰਾਏ ਲੋਕ ਹੋਣ ਡੇਂਗੂ ਤੋਂ ਬੇਹਾਲ ਹਨ। ਨਿੱਜੀ ਹਸਪਤਾਲ ਗੰਭੀਰ ਮਰੀਜ਼ਾਂ ਨਾਲ ਭਰੇ ਪਏ ਹਨ। ਸਰਕਾਰੀ ਹਸਪਤਾਲ ਬਹੁਤੇ ਗੰਭੀਰ ਮਰੀਜ਼ਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਰੈਫਰ ਕਰ ਦਿੰਦਾ ਹੈ ਪਰ ਮਰੀਜ਼ ਦੇ ਵਾਰਸ ਕਿਸੇ ਵੱਡੇ ਨਿੱਜੀ ਹਸਪਤਾਲ ’ਚ ਚਲੇ ਜਾਂਦੇ ਹਨ। ਮਰੀਜ਼ਾਂ ਦੀ ਗਿਣਤੀ ਹੁਣ 600 ਤਕ ਹੋ ਗਈ ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਰੰਗੂ ਸਿੰਗਲਾ ਨੇ ਦੱਸਿਆ ਕਿ ਉਹ ਡੇਂਗੂ ਦਾ ਲਾਰਵਾ ਖ਼ਤਮ ਕਰਨ ਅਤੇ ਮਰੀਜ਼ਾਂ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬਹੁਤ ਗੰਭੀਰ ਹੈ, ਇਸ ਲਈ ਬਚਾਅ ਰੱਖਿਆ ਜਾਵੇ।
ਬਰਨਾਲਾ (ਰਵਿੰਦਰ ਰਵੀ): ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਪੱਬਾਂ ਭਾਰ ਹੈ। ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਵੱਲੋਂ ਘਰਾਂ ਅਤੇ ਦੁਕਾਨਾਂ ਦੀ ਲਗਾਤਾਰ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ 37,385 ਘਰਾਂ ਦਾ ਲਾਰਵੇ ਸਬੰਧੀ ਸਰਵੇਖਣ ਕੀਤਾ ਗਿਆ ਹੈ। ਇਸ ਦੌਰਾਨ 149 ਘਰਾਂ ਅਤੇ ਜਨਤਕ ਥਾਵਾਂ ’ਤੇ ਲਾਰਵਾ ਮਿਲਿਆ। ਇਨ੍ਹਾਂ ਥਾਵਾਂ ਦੇ 51 ਮਾਲਕਾਂ ਦੇ ਚਲਾਨ ਕੱਟੇ ਗਏ ਹਨ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਨੇ ਦੱਸਿਆ ਕਿ ਨਗਰ ਕੌਂਸਲਾਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਰਿਪੋਰਟ ਦੇ ਆਧਾਰ ’ਤੇ ਲਾਰਵਾ ਮਿਲਣ ’ਤੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲਾਂ ਵੱਲੋਂ ਮੱਛਰ ਦੇ ਖਾਤਮੇ ਲਈ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚ 11 ਡੇਂਗੂ ਪਾਜ਼ੇਟਿਵ ਮਰੀਜ਼ ਮਿਲੇ ਹਨ ਤੇ 2 ਮਰੀਜ਼ ਜ਼ੇਰੇ ਇਲਾਜ ਹਨ।
ਕੋਟਕਪੂਰਾ (ਟਨਸ): ਸ਼ਹਿਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 40 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੀਆਂ ਚਾਰ ਟੀਮਾਂ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਜਾਂਚ ਰਹੀਆਂ ਹਨ। ਸਿਹਤ ਵਿਭਾਗ ਨੇ ਹਾਲਤ ਵਿਗੜਦਿਆਂ ਦੇਖ ਸੋਮਵਾਰ ਤੋਂ ਟੀਮਾਂ ਵਧਾਉਣ ਦਾ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ’ਚ ਕੂਲਰਾਂ ਤੇ ਬਰਤਨਾਂ ਵਿਚ ਪਾਣੀ ਇਕੱਠਾ ਨਾ ਹੋਣ। ਦੂਜੇ ਪਾਸੇ, ਨਗਰ ਕੌਂਸਲ ਫੌਗਿੰਗ ਨਹੀਂ ਕਰਵਾ ਰਹੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਗਾਂਧੀ ਨੇ ਦੱਸਿਆ ਸਿਹਤ ਵਿਭਾਗ ਚੌਕਸੀ ਨਾਲ ਕੰਮ ਕਰ ਰਿਹਾ ਹੈ।
ਨਗਰ ਨਿਗਮ ਵੱਲੋਂ ਫੌਗਿੰਗ ਦਾ ਸ਼ਡਿਊਲ ਜਾਰੀ
ਬਠਿੰਡਾ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਫੌਗਿੰਗ ਦੌਰਾਨ ਲੋਕ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖਣ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਫੌਗਿੰਗ ਸਵੇਰੇ ਸਾਢੇ ਸੱਤ ਵਜੇ ਤੋਂ ਸ਼ੁਰੂ ਹੋਵੇਗੀ।