ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਦਸੰਬਰ
ਨਰਸਿੰਗ ਸਟਾਫ਼ ਅੱਜ ਵੀ ਹੜਤਾਲ ’ਤੇ ਰਿਹਾ। ਨਰਸਿੰਗ ਐਸੋਸੀਏਸ਼ਨ ਬਠਿੰਡਾ ਦੀਆਂ ਵਰਕਰਾਂ ਨੇ ਸਿਵਲ ਹਸਪਤਾਲ ਤੋਂ ਆਈਟੀਆਈ ਚੌਕ ਤੱਕ ਖਾਲੀ ਪੀਪੇ ਖੜਕਾ ਕੇ ਰੋਸ ਮਾਰਚ ਕੀਤਾ। ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਹਾਲਤ ਖਾਲੀ ਪੀਪਿਆਂ ਵਰਗੀ ਹੈ ਅਤੇ ਉਹ ਨਰਸਿੰਗ ਸਟਾਫ਼ ਦੇ ਭੱਤਿਆਂ ’ਚ ਕਟੌਤੀ ਕਰ ਕੇ ਇਸ ਨੂੰ ਭਰਨਾ ਲੋਚਦੀ ਹੈ।
ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ’ਚ ਵਾਧਾ ਕਰਨ ਦੀ ਥਾਂ ਸਰਕਾਰ ਨੇ ਉਲਟਾ ਤਨਖ਼ਾਹ ਸਕੇਲ ਘਟਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਨਰਸਾਂ ਦਾ ਤਨਖ਼ਾਹ ਸਕੇਲ 4600 ਤੋਂ ਘਟਾ ਕੇ 3200 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਨਰਸਾਂ ਨੂੰ ਤਨਖ਼ਾਹ ’ਚ ਕਟੌਤੀ ਕਰਕੇ ਸਰਕਾਰ ‘ਸਨਮਾਨਿਤ’ ਕਰ ਰਹੀ ਹੈ।
ਉਨ੍ਹਾਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ, 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਵਿਚ ਸੁਧਾਰ ਕਰਨ, ਸਫ਼ਰੀ ਭੱਤਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਨਰਸਿੰਗ ਸਟਾਫ਼ ਨਰਸ ਦਾ ਨਾਂ ਬਦਲ ਕੇ ‘ਨਰਸਿੰਗ ਅਫ਼ਸਰ’ ਕੀਤੇ ਜਾਣ ਦੀ ਮੰਗ ਕੀਤੀ। ਗੌਰਤਲਬ ਹੈ ਕਿ ਨਰਸਿੰਗ ਐਸੋਸੀਏਸ਼ਨ ਦੀ ਹੜਤਾਲ ਕਾਰਣ ਸਿਵਲ ਹਸਪਤਾਲ ’ਚ ਸਿਹਤ ਸੇਵਾਵਾਂ ਪ੍ਰਭਾਵਿਤ ਹਨ। ਹਸਪਤਾਲ ਵਿਚ ਨਰਸਿੰਗ ਦੀਆਂ ਵਿਦਿਆਰਥਣਾਂ ਅਤੇ ਠੇਕੇ ’ਤੇ ਭਰਤੀ ਨਰਸਾਂ ਵੱਲੋਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।