ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਕਸਬਾ ਮਮਦੋਟ ’ਚ ਜਨਤਾ ਟਰੱਕ ਅਪਰੇਟਰ ਵੈੱਲਫ਼ੇਅਰ ਸੁਸਾਇਟੀ ਦੇ ਸੇਵਾਦਾਰ ਵੱਲੋਂ ਚੈੱਕ ਚੋਰੀ ਕਰ ਕੇ ਸੁਸਾਇਟੀ ਨੂੰ ਗਿਆਰਾਂ ਲੱਖ ਰੁਪਏ ਦਾ ਰਗੜਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਮਦੋਟ ਪੁਲੀਸ ਨੇ ਮੁਲਜ਼ਮ ਸੇਵਾਦਾਰ ਸਮੇਤ ਤਿੰਨ ਮੁਲਜ਼ਮਾਂ ਦੇ ਖਿਲਾਫ਼ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਗੁਰੂਹਰਸਹਾਏ ’ਚ ਪੈਂਦੇ ਪਿੰਡ ਫ਼ਤਹਿਗੜ੍ਹ ਗਹਿਰੀ ਦੇ ਰਹਿਣ ਵਾਲੇ ਸ਼ੇਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮਮਦੋਟ ਵਿੱਚ ਸਥਿਤ ਉਸਦੀ ਇਸ ਸੁਸਾਇਟੀ ਵਿੱਚ ਸੋਢੀ ਨਗਰ ਨਿਵਾਸੀ ਸ਼ੇਰ ਸਿੰਘ ਅਤੇ ਲਖਵੀਰ ਸਿੰਘ ਮੈਂਬਰ ਹਨ ਤੇ ਉਨ੍ਹਾਂ ਦੀ ਇਸ ਫ਼ਰਮ ਦਾ ਕਰੰਟ ਖਾਤਾ ਫ਼ਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੀ ਕੜਮਾ ਬਰਾਂਚ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਸਾਇਟੀ ਵਿੱਚ ਬਤੌਰ ਸੇਵਾਦਾਰ ਕੰਮ ਕਰਦੇ ਮਨਪ੍ਰੀਤ ਸਿੰਘ ਨੇ ਸੁਸਾਇਟੀ ਅੰਦਰੋਂ ਤਿੰਨ ਚੈੱਕ ਚੋਰੀ ਕਰ ਕੇ ਆਪਣੇ ਦੋ ਸਾਥੀਆਂ ਕਰਨੈਲ ਸਿੰਘ ਅਤੇ ਮੇਜਰ ਸਿੰਘ ਦੀ ਮਦਦ ਨਾਲ ਫਰਮ ਦੇ ਖਾਤੇ ਵਿੱਚੋਂ 10,84,065 ਦੀ ਠੱਗੀ ਮਾਰ ਲਈ ਹੈ। ਥਾਣਾ ਮਮਦੋਟ ਪੁਲੀਸ ਨੇ ਇਸ ਸ਼ਿਕਾਇਤ ਦੀ ਪੜਤਾਲ ਮਗਰੋਂ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।