ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਮੰਡੀ ਲੱਖੇਵਾਲੀ ’ਚ 69 ਸਾਲਾ ਸੁਬੇਗ ਸਿੰਘ ਨੇ ਆਪਣੇ ਆਪ ਨੰੂ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਹੈ| ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਬੇਗ ਸਿੰਘ ਦੇ ਖਿਲਾਫ ਬੀਤੇ ਦਿਨੀਂ ਥਾਣਾ ਲੱਖੇਵਾਲੀ ਵਿੱਚ ਇਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਹੋ ਗਿਆ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਆਪਣੇ ਘਰ ’ਚ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ| ਲੱਖੇਵਾਲੀ ਪੁਲੀਸ ਨੇ ਮਿ੍ਤਕ ਦੀ ਬੇਟੀ ਚਰਨਜੀਤ ਕੌਰ ਦੇ ਬਿਆਨਾਂ ’ਤੇ ਅੱਠ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ| ਚਰਨਜੀਤ ਕੌਰ ਨੇ ਦੱਸਿਆ ਕਿ ਉਸਦੇ ਦੋ ਭਰਾ ਸਨ। ਇਕ ਦੀ ਮੌਤ ਹੋ ਗਈ ਸੀ। ਉਸਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ| ਬਾਅਦ ਵਿੱਚ ਉਸਦਾ ਪੇਕਾ ਪਰਿਵਾਰ ਜ਼ਮੀਨ ਦੇ ਲਾਲਚ ਵਿੱਚ ਸੁਬੇਗ ਸਿੰਘ ਨੰੂ ਤੰਗ ਪ੍ਰੇਸ਼ਾਨ ਕਰ ਲੱਗਿਆ ਤੇ ਸੁਬੇਗ ਸਿੰਘ ਖਿਲਾਫ ਕਥਿਤ ਤੌਰ ’ਤੇ ਝੂਠਾ ਮੁਕਦਮਾ ਦਰਜ ਕਰਵਾ ਦਿੱਤਾ| ਪੁਲੀਸ ਨੇ ਪਰਮਜੀਤ ਕੌਰ, ਸਾਰਜ ਸਿੰਘ, ਕਾਰਜ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ, ਮਹਿੰਦਰੋ ਬਾਈ, ਕੁਲਵੰਤ ਸਿੰਘ ਅਤੇ ਕੈਲਾਸ਼ ਕੌਰ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।