ਪੱਤਰ ਪ੍ਰੇਰਕ
ਮਾਨਸਾ, 16 ਨਵੰਬਰ
ਗਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪਹਿਲੀ ਜਥੇਬੰਦਕ ਕਨਵੈਨਸ਼ਨ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਵਿੱਚ ਸਮਾਪਤ ਹੋਈ। ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾਈ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਗ਼ਦਰ ਲਹਿਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਭਾਰਤੀ ਲੋਕਾਂ ਦੀ ਮੁਕਤੀ ਲਈ ਜਦੋ-ਜਹਿਦ ਕਰਦੇ ਹੋਏ, ਜਿੱਥੇ ਫਾਂਸੀਆਂ ਦੇ ਰੱਸੇ ਚੁੰਮੇ, ਉੱਥੇ ਤਮਾਮ ਗ਼ਦਰੀ ਬਾਬਿਆਂ ਨੇ ਉਮਰ ਭਰ ਕਾਲੇ ਪਾਣੀਆਂ ਦੀ ਸਜ਼ਾ ਭੁਗਤਦੇ ਹੋਏ ਕੁੱਬ ਪਵਾ ਲਏ ਅਤੇ ਗ਼ਦਰੀ ਬਾਬੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਾਏ ਜਾਣ ਮਜ਼ਦੂਰਾਂ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਵਿੱਚ ਜੇਲ੍ਹ ਯਾਤਰਾਵਾਂ ਕਰਦੇ ਹੋਏ ਅੰਤਿਮ ਸਾਹਾਂ ਤੱਕ ਬੇਹਤਰੀਨ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰਦੇ ਰਹੇ। ਇਸ ਮੌਕੇ ਵਿਦਿਆਰਥਣਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦੇ ਹੋਏ ਸਥਾਨਕ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ’ਚ ਪ੍ਰਧਾਨ ਗਗਨਦੀਪ ਕੌਰ ਮਾਨਸਾ, ਮੀਤ ਪ੍ਰਧਾਨ ਅਮਨਦੀਪ ਕੌਰ, ਸਕੱਤਰ ਹਰਪ੍ਰੀਤ ਕੌਰ ਡੇਲੂਆਣਾ, ਸਹਾਇਕ ਸਕੱਤਰ ਗਗਨਦੀਪ ਮੌਜੋ, ਖ਼ਜ਼ਾਨਚੀ ਹੁਸਨਪ੍ਰੀਤ ਕੌਰ ਮੌਜੋ ਤੇ ਹੋਰਨਾਂ ਨੂੰ ਚੁਣਿਆ ਗਿਆ।