ਖੇਤਰੀ ਪ੍ਰਤੀਨਿਧ
ਬਰਨਾਲਾ, 15 ਨਵੰਬਰ
ਡੀਸੀ ਬਰਨਾਲਾ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਮਲਿਕ ਨੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹੇ ਦੇ ਸਮੁੱਚੇ ਪੈਲੇਸ ਪ੍ਰਬੰਧਕਾਂ ਤੇ ਮੈਨੇਜਰਾਂ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੀਪੀਐੱਸ ਸੌਰਵ ਜਿੰਦਲ, ਡੀਐੱਸਪੀ ਬਲਜੀਤ ਸਿੰਘ ਢਿੱਲੋਂ ਹਾਜ਼ਰ ਸਨ।
ਸ੍ਰੀ ਜਿੰਦਲ ਨੇ ਕਿਹਾ ਕਿ ਵਿਆਹਾਂ ਤੇ ਧਾਰਮਿਕ ਸਮਾਗਮਾਂ ਵਿੱਚ ਹਥਿਆਰ ਚੱਕਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੈਲੇਸ ਮਾਲਕਾਂ ਦੀ ਡਿਊਟੀ ਬਣਦੀ ਹੈ ਕਿ ਜੇ ਕੋਈ ਵਿਅਕਤੀ ਪੈਲੇਸਾਂ ਵਿੱਚ ਆ ਕੇ ਹਥਿਆਰਾਂ ਦਾ ਪ੍ਰਦਰਸ਼ਨ ਜਾਂ ਫਾਇਰਿੰਗ ਆਦਿ ਕਰਦਾ ਹੈ ਤਾਂ ਉਹ ਤੁਰੰਤ ਲਾਗਲੇ ਥਾਣੇ ਜਾਂ ਚੌਕੀ ਜਾਂ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦੇਵੇ। ਉਨ੍ਹਾਂ ਕਿਹਾ ਕਿ ਜੇ ਪੈਲੇਸਾਂ ਆਦਿ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਪੈਲੇਸ ਮਾਲਕ ਉਕਤ ਵਾਪਰ ਘਟਨਾ ਲਈ ਮੁਲਜ਼ਮ ਮੰਨਿਆ ਜਾਵੇਗਾ।