ਨਿਰੰਜਣ ਬੋਹਾ
ਬੋਹਾ, 17 ਸਤੰਬਰ
ਪਿੰਡ ਉੱਡਤ ਸੈਦੇਵਾਲਾ ਦੀ ਪੰਚਾਇਤ ਨੇ ਪੁਲੀਸ ਦੀ ਮਦਦ ਨਾਲ ਸਾਂਝੀਆਂ ਥਾਵਾਂ ’ਤੇ ਲੋਕਾਂ ਵੱਲੋਂ ਲਾਈਆਂ ਰੂੜੀਆਂ ਤੇ ਹੋਰ ਕਬਜ਼ੇ ਹਟਾਏ।
ਸਰਪੰਚ ਬਿੰਦਰ ਕੌਰ ਅਤੇ ਪੰਚਾਇਤ ਸਕੱਤਰ ਲਾਲ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ 15 ਦਿਨ ਪਹਿਲਾਂ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾਈ ਗਈ ਸੀ ਕਿ ਆਪਣੀਆਂ ਰੂੜੀਆਂ ਅਤੇ ਹੋਰ ਸਾਮਾਨ ਸਾਂਝੀਆਂ ਥਾਵਾਂ ਤੋਂ ਚੁੱਕਿਆ ਜਾਵੇ। ਲੋਕਾਂ ਵੱਲੋਂ ਨਾ ਚੁੱਕਣ ’ਤੇ ਬੀ.ਡੀ.ਪੀ.ਓ. ਨੇ ਪੁਲੀਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਚੁਕਵਾਏ। ਸਰਪੰਚ ਨੇ ਦੱਸਿਆ ਕਿ ਇਨ੍ਹਾਂ ਸਥਾਨਾਂ ਉੱਪਰ ਪਾਰਕ ਬਣਾ ਕੇ ਫੁੱਲਦਾਰ ਪੌਦੇ ਲਗਾਏ ਜਾਣਗੇ।
ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਪੁਲੀਸ ਪਾਰਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕਾਕਾ, ਮੇਜਰ ਸਿੰਘ ਗਿੱਲ, ਰਾਜੀ ਚਹਿਲ, ਪਰਵਾਰ ਬਾਜਵਾ, ਬਿੰਦਰ ਸਿੰਘ, ਮੈਂਬਰ ਗੋਬਿੰਦਰ ਸਿੰਘ, ਹਰਮੇਲ, ਲਾਡੀ, ਮਨਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।