ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 28 ਅਗਸਤ
ਗੁਜਰਾਤ ਦੀ ਗੈਸ ਕੰਪਨੀ ‘ਗੁਜਰਾਤ ਗੈਸ ਲਿਮਿਟਡ’ ਦੀ ਕਥਿਤ ਲਾਪਰਵਾਹੀ ਕਾਰਨ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਨੂੰ ਨੁਕਸਾਨ ਹੋਣ ਨਾਲ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਕੋਟਕਪੂਰੇ ਦੇ ਲੋਕ ਤਿਹਾਏ ਹਨ। ਪੀਣ ਲਈ ਪਾਣੀ ਨਾ ਮਿਲਣ ਕਰਕੇ ਸ਼ਹਿਰ ਵਿਚ ਹਾਹਾਕਾਰ ਮੱਚੀ ਤੋਂ ਬਾਅਦ ਜਾਗੇ ਸਥਾਨਕ ਜਲ ਬੋਰਡ ਨੇ ਤੁਰੰਤ ਪਾਈਪ ਲਾਈਪ ਦੀ ਰਿਪੇਅਰ ਸ਼ੁਰੂ ਕਰਵਾ ਦਿੱਤੀ ਹੈ। ਬੋਰਡ ਨੂੰ ਪਹਿਲਾਂ ਇਹ ਲੱਭਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ ਕਿ ਪਾਈਪ ਕਿਥੋਂ-ਕਿਥੋਂ ਨੁਕਸਾਨੀ ਗਈ ਹੈ।
ਫਿਲਹਾਲ ਇਕ ਜਗ੍ਹਾਂ ਤੋਂ ਨੁਕਸਾਨੀ ਹੋਣ ਦਾ ਬਾਰੇ ਸਾਹਮਣੇ ਆਇਆ ਹੈ ਪ੍ਰੰਤੂ ਜਲ ਬੋਰਡ ਨੂੰ ਪਾਈਪ ਇਕ ਤੋਂ ਵੱਧ ਥਾਵਾਂ ਤੋਂ ਨੁਕਸਾਨੀ ਹੋਣ ਦਾ ਖ਼ਦਸ਼ਾ ਹੈ। ਜਲ ਬੋਰਡ ਦੇ ਜੂਨੀਅਰ ਇੰਜਨੀਅਰ ਹਰਦੇਵ ਸਿੰਘ ਨੇ ਦੱਸਿਆ ਕਿ ਗੈਸ ਕੰਪਨੀ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਪਾਣੀ ਦੀ ਪਾਈਪ ਨੁਕਸਾਨੀ ਗਈ ਹੈ ਤੇ ਜਲ ਬੋਰਡ ਗੁਜਰਾਤ ਗੈਸ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ, ਕਿਉਂਕਿ ਇਨ੍ਹਾਂ ਦੀ ਕੰਮਕਾਜ ਦੌਰਾਨ ਕਈ ਥਾਵਾਂ ’ਤੇ ਇਨ੍ਹਾਂ ਨੇ ਸੀਵਰੇਜ ਦੇ ਪੀਣ ਵਾਲੇ ਪਾਈਪ ਦਾ ਨੁਕਸਾਨ ਕਰਕੇ ਸੀਵਰੇਜ ਦੇ ਪਾਣੀ ਨੂੰ ਇਸ ਵਿਚ ਮਿਕਸ ਕਰ ਦਿੱਤਾ ਹੈ, ਜੋ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਇਸ ਤਰ੍ਹਾਂ ਸ਼ਹਿਰ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ। ਜਾਣਕਾਰੀ ਅਨੁਸਾਰ ਗੁਜਰਾਤ ਗੈਸ ਲਿਮਿਟਡ ਵੱਲੋਂ ਸ਼ਹਿਰ ਵਿੱਚ ਪਿਛਲੇ ਸਮੇਂ ਦੌਰਾਨ ਅੰਡਰ ਗਰਾਊਂਡ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਘਰਾਂ ਵਿਚ ਗੈਸ ਸਿੱਧੇ ਤੌਰ ’ਤੇ ਪਹੁੰਚਾਈ ਜਾ ਸਕੇ। ਦੋ ਦਿਨ ਪਹਿਲਾਂ ਹਰੀਨੌ ਰੋਡ ’ਤੇ ਇਸ ਕੰਪਨੀ ਦੀ ਲੇਬਰ ਨੇ ਡਰਿਲ ਮਸ਼ੀਨ ਮਾਰ ਕੇ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀ 28 ਇੰਚੀ ਪਾਈਪ ਲਾਈਨ ਨੂੰ ਖ਼ਰਾਬ ਕਰ ਦਿੱਤਾ ਜਿਸ ਤੋਂ ਬਾਅਦ ਪਾਣੀ ਸਪਲਾਈ ਪ੍ਰਭਾਵਿਤ ਹੋ ਗਈ। ਦੂਜੇ ਪਾਸੇ ਜਦ ਕੰਪਨੀ ਦੇ ਅਧਿਕਾਰੀਆਂ ਨਾਲ ਜਲ ਬੋਰਡ ਅਧਿਕਾਰੀਆਂ ਨੇ ਲਗਾਤਾਰ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਟੂਟੀਆਂ ’ਚ ਆ ਰਿਹੈ ‘ਕਾਲਾ ਪਾਣੀ’
ਕੋਟਕਪੂਰਾ: ਸ਼ਹਿਰ ਕੋਟਕਪੂਰਾ ’ਚ ਜਲ ਬੋਰਡ ਦੀਆਂ ਪਾਈਪਾਂ ਅੰਦਰੋਂ ਕਾਲੇ ਰੰਗ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਅਜਿਹਾ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਹੋ ਰਿਹਾ ਹੈ। ਇਸ ਮਾਮਲੇ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸਥਾਨਕ ਫੌਜੀ ਰੋਡ ਦੀ ਕ੍ਰਿਸ਼ਨਾ ਗਲੀ ਨੰਬਰ 2 ਦੇ ਵਸਨੀਕ ਰਾਜਨ ਕਟਾਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਵਿਕਾਸ ਪੰਜਾਬ, ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਸ਼ਿਕਾਇਤ ਭੇਜ ਕੇ ਇਸ ਮਾਮਲੇ ਦੀ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਕੋਟਕਪੂਰਾ ਸ਼ਹਿਰ ਇਕ ਵਾਰ ਪਹਿਲਾਂ ਹੀ ਦੂਸ਼ਿਤ ਪਾਣੀ ਕਾਰਨ ਵੀਹ ਮਨੁੱਖੀ ਜਾਨਾਂ ਗੁਆਂ ਚੁੱਕਿਆ ਹੈ। ਉਸ ਸਮੇਂ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਵਿਚ ਸਮੇਂ ਸਿਰ ਕਾਰਵਾਈ ਕਰਨ ਵਾਲੇ ਨਹਿਰੀ ਵਿਭਾਗ ਦੇ ਐਕਸੀਅਨ ਅਤੇ ਸਿਵਲ ਹਸਪਤਾਲ ਕੋਟਕਪੂਰਾ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਮੁਅੱਤਲ ਕੀਤਾ ਸੀ।
ਕੰਪਨੀ ਨੇ ਬਗੈਰ ਪ੍ਰਵਾਨਗੀ ਤੋਂ ਪਾਈ ਪਾਈਪ: ਅਫ਼ਸਰ
ਜਲ ਬੋਰਡ ਦੇ ਉਪ ਮੰਡਲ ਅਫਸਰ ਜਗਦੇਵ ਸਿੰਘ ਅਨੁਸਾਰ ਕੰਪਨੀ ਨੇ ਉਨ੍ਹਾਂ ਦੇ ਵਿਭਾਗ ਤੋਂ ਕੰਮ ਸ਼ੁਰੂ ਕਰਨ ਦੀ ਕੋਈ ਪ੍ਰਵਾਨਗੀ ਨਹੀਂ ਲਈ। ਸਗੋਂ ਉਨ੍ਹਾਂ ਦੇ ਮਹਿਕਮੇ ਦੀਆਂ ਪਾਈਪਾਂ ਖਰਾਬ ਕਰਕੇ ਖਪਤਕਾਰਾਂ ਨੂੰ ਪਰੇਸ਼ਾਨ ਕੀਤਾ ਹੈ। ਉਂਜ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਮਹਿਕਮੇ ਦੀ ਪਾਈਪ ਲਾਈਪ ਬਾਰੇ ਦੱਸ ਦਿੱਤਾ ਸੀ ਕਿ ਕਿੰਨੀ ਡੂੰਘਾਈ ਦੇ ਲਾਈਨ ਜਾ ਰਹੀ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਵੱਲੋਂ ਪਾਈਪ ਲਾਈਨ ਦਾ ਨੁਕਸਾਨ ਕਰ ਦਿੱਤਾ। ਜਲ ਬੋਰਡ ਨੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਸ਼ਹਿਰ ਵਿਚ ਪਾਣੀ ਸਪਲਾਈ ਬਹਾਲ ਹੋ ਜਾਵੇਗੀ। ਦੂਜੇ ਪਾਸੇ ਸਰਕਲ ਨੇ ਇਸ ਕੰਪਨੀ ਦੇ ਅਧਿਕਾਰੀਆਂ ਨੂੰ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।