ਕੁਲਦੀਪ ਸਿੰਘ
ਮੌੜ ਮੰਡੀ, 25 ਜੂਨ
ਪਿੰਡ ਰਾਏਖਾਨਾ ਦੇ ਲੋਕਾਂ ਨੂੰ ਅੱਜ ਸ਼ਾਮ ਚਨਾਰਥਲ ਦੇ ਕੁਝ ਵਿਅਕਤੀਆਂ ਵੱਲੋਂ ਘੁੰਮਣ ਰਜਬਾਹੇ ਵਿੱਚੋਂ ਜਾਅਲੀ ਮੋਘਾ (ਘੂਰਲੂ) ਚਾਲੂ ਕਰਕੇ ਪਾਣੀ ਚੋਰੀ ਕੀਤੇ ਜਾਣ ਬਾਰੇ ਪਤਾ ਲੱਗਿਆ। ਪਿੰਡ ਰਾਏਖਾਨਾਂ ਵਾਸੀਆਂ ਵੱਲੋਂ ਇਹ ਮਾਮਲਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵਿਭਾਗ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।
ਇਸ ’ਤੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਪਿੰਡ ਪੁੱਜੇ ਨਹਿਰੀ ਵਿਭਾਗ ਦੇ ਜੇ.ਈ. ਜਤਿੰਦਰ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਦਾ ਘਿਰਾਓ ਕਰ ਲਿਆ। ਪਿੰਡ ਦੇ ਸਮਾਜ ਸੇਵੀ ਰਾਜਵਿੰਦਰ ਸਿੰਘ ਰਾਏਖਾਨਾਂ, ਸਰਪੰਚ ਮਲਕੀਤ ਖਾਨ , ਸੁਖਜੀਤ ਸਿੰਘ ਪੰਚ, ਭਾਰੀਤ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਪਾਣੀ ਚੋਰੀ ਕਰਕੇ ਦੂਸਰੇ ਕਿਸਾਨਾਂ ਦਾ ਹੱਕ ਮਾਰਨ ਵਾਲੇ ਵਿਆਕਤੀਆਂ ਖਿਲਾਫ ਨਹਿਰੀ ਵਿਭਾਗ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਥਾਣਾ ਕੋਟਫੱਤਾ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਪਿੰਡ ਵਾਸੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਨਹਿਰੀ ਵਿਭਾਗ ਦੇ ਐਸ.ਡੀ.ਓ ਫਿਜ਼ੀ ਬਾਂਸਲ ਵੱਲੋਂ ਪਿੰਡ ਵਾਸੀਆਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ ਜਾਅਲੀ ਮੋਘਾ ਚਾਲੂ ਕਰਕੇ ਪਾਣੀ ਚੋਰੀ ਕਰਨ ਵਾਲੇ ਵਿਆਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇੱਕ ਵਾਰ ਸੰਘਰਸ਼ ਖਤਮ ਕਰ ਦਿੱਤਾ ਗਿਆ।