ਪਵਨ ਗੋਇਲ
ਭੁੱਚੋ ਮੰਡੀ, 28 ਜਨਵਰੀ
ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਕਿਸਾਨ ਚਾਰ ਮਹੀਨਿਆਂ ਤੋਂ ਡਟੇ ਹੋਏ ਹਨ। ਵੱਡੀ ਗਿਣਤੀ ਕਿਸਾਨ ਦਿੱਲੀ ਹੱਦਾਂ, ਟਰੈਕਟਰ ਮਾਰਚਾਂ ਅਤੇ ਭਾਜਪਾ ਆਗੂਆਂ ਦੇ ਘਿਰਾਓ ਆਦਿ ਵਿੱਚ ਜੁਟੇ ਹੋਣ ਦੇ ਬਾਵਜੂਦ ਇਨ੍ਹਾਂ ਮੋਰਚਿਆਂ ਵਿੱਚ ਕਿਸਾਨਾਂ ਦੀ ਹਮੇਸ਼ਾ ਭਾਰੀ ਸ਼ਮੂਲੀਅਤ ਰਹੀ। ਕਹਿਰ ਦੀ ਸਰਦੀ ਬਜ਼ੁਰਗ ਕਿਸਾਨਾਂ ਅਤੇ ਬਿਰਧ ਮਾਵਾਂ ਦੇ ਸਿਦਕ ਡੋਲਾ ਨਹੀਂ ਸਕੀ। ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੋਸ਼ੀਲੇ ਨਾਅਰੇ ਲਗਾਏ। ਇਸ ਮੌਕੇ ਸ਼ਿੰਦਰਪਾਲ ਕੌਰ ਨਥਾਣਾ ਅਤੇ ਰੁਪਿੰਦਰ ਰਿੰਪੀ ਮਾਨਸਾ ਨੇ ਕਿਸਾਨੀ ਗੀਤ ਪੇਸ਼ ਕੀਤੇ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਮੋਠੂ ਸਿੰਘ, ਦਰਸ਼ਨ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਕਰਮਜੀਤ ਕੌਰ ਲਹਿਰਾ, ਅਮਨਪ੍ਰੀਤ ਕੌਰ ਚੱਕ ਅਤੇ ਮੈਡੀਕਲ ਪ੍ਰੈਕਟੀਸ਼ਨਰ ਆਗੂ ਦਰਸ਼ਨ ਸਿੰਘ ਨੇ ਦਿੱਲੀ ਵਿੱਚ ਕਿਸਾਨ ਟਰੈਕਟਰ ਮਾਰਚ ਦੌਰਾਨ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਮੋਦੀ ਸਰਕਾਰ ਤੇ ਸ਼ਰਾਰਤੀ ਅਨਸਰਾਂ ’ਤੇ ਸ਼ਬਦੀ ਹਮਲੇ ਕੀਤੇ।
ਬਰਨਾਲਾ (ਪ੍ਰਸ਼ੋਤਮ ਬੱਲੀ): ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿੱਚ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 120ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਬੁੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ, ਸਾਹਿਬ ਸਿੰਘ ਬਡਬਰ, ਗੁੁਰਮੇਲ ਸ਼ਰਮਾ, ਹਰਚਰਨ ਚੰਨਾ, ਖੁੁਸ਼ੀਆ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਅਤੇ ਗੁੁਰਚਰਨ ਸਿੰਘ ਨੇ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਝੁੁਲਾਏ ਜਾਣ ਲਈ ਕਿਸਾਨ ਆਗੂਆਂ ਨੂੰ ਜਿੰਮੇਵਾਰ ਮੰਨਕੇ ਉਨ੍ਹਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ। ਸੰਯੁੁਕਤ ਮੋਰਚੇ ਵੱਲੋਂ 30 ਜਨਵਰੀ ਸਮੂਹਿਕ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਅੱਜ ਭੁੱਖ ਹੜਤਾਲੀ ਜਥੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਕਰਮਗੜ੍ਹ ਦੀਆਂ ਕਿਸਾਨ ਔਰਤਾਂ ਜਸਪਾਲ ਕੌਰ ਦੀ ਅਗਵਾਈ ਵਿੱਚ ਜਸਪਾਲ ਕੌਰ, ਅਮਰਜੀਤ ਕੌਰ, ਸਵਰਨ ਕੌਰ, ਬਲਵੰਤ ਕੌਰ, ਮਹਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ,ਬਲਵੀਰ ਕੌਰ, ਸੁੁਖਪਾਲ ਕੌਰ, ਅਮਰਜੀਤ ਕੌਰ ਸ਼ਾਮਿਲ ਹੋਈਆਂ। ਇਸੇ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾਖਾਨਾ ਰੋਡ ਬਰਨਾਲਾ ’ਤੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 118ਵੇਂ ਦਿਨ ਸ਼ਾਮਿਲ ਹੋ ਗਿਆ।
30 ਨੂੰ ਸਮੂਹਿਕ ਭੁੱਖ ਹੜਤਾਲ ਦਾ ਫੈਸਲਾ
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੰਨਾਂ ਖ਼ਿਲਾਫ਼ ਮਹਿਲ ਕਲਾਂ ਵਿੱਚ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਕਿਸਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ 30 ਜਨਵਰੀ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਰਚੇ ’ਤੇ ਸਮੂਹਿਕ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਖ਼ਿਲਾਫ਼ ਦਰਜ ਝੂਠੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਸੱਦੇ ’ਤੇ ਕਿਸਾਨ 30 ਜਨਵਰੀ ਨੂੰ ਇਕ ਦਿਨ ਦਾ ਵਰਤ ਰੱਖਣਗੇ ਤੇ ਸ਼ਹਿਰ ਵਿੱਚ ਮਾਰਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲੱਖਵਿੰਦਰ ਸਿੰਘ ਲੱਖਾ ਤੇ ਡਾ. ਸੁਖਦੇਵ ਸਿੰਘ ਜੰਮੂ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 30 ਜਨਵਰੀ ਨੂੰ ਕਿਸਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਟੌਲ ਪਲਾਜ਼ਾ ਭਾਵਦੀਨ ’ਤੇ ਇਕ ਦਿਨ ਦਾ ਵਰਤ ਰੱਖਣਗੇ ਤੇ ਇਸੇ ਦਿਨ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।