ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਮਾਰਚ
ਪਿੰਡ ਚੀਮਾ ਵਿਖੇ ਨਵੇਂ ਬਣ ਰਹੇ ਮਕਾਨ ਉੱਪਰੋਂ ਲੰਘ ਰਹੀ 11 ਹਜ਼ਾਰ ਵੋਲਵੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਮਕਾਨ ਮਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਘਟਨਾ ਉਪਰੰਤ ਰੋਸ ਵਿੱਚ ਆਏ ਪਿੰਡ ਵਾਸੀਆਂ ਵਲੋਂ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ। ਬੀਕੇਯੂ ਕਾਦੀਆਂ ਦੇ ਆਗੂ ਜਗਤਾਰ ਸਿੰਘ ਅਤੇ ਕਰਨੈਲ ਸਿੰਘ ਥਿੰਦ ਨੇ ਦੱਸਿਆ ਕਿ ਪਿੰਡ ਚੀਮਾ ਤੋਂ ਬਖਤਗੜ੍ਹ ਰੋਡ ’ਤੇ ਪਿੰਡ ਦਾ ਗੁਰਲਾਲ ਸਿੰਘ ਲਾਲੀ ਆਪਣਾ ਮਕਾਨ ਬਣਾ ਰਿਹਾ ਹੈ। ਮਕਾਨ ਦੀ ਛੱਤ ’ਤੇ ਕੰਮ ਕਰਦੇ ਸਮੇਂ ਅਚਾਨਕ ਹੱਥ 11 ਹਜ਼ਾਰ ਵੋਲਟੇਜ ਤਾਰਾਂ ਨਾਲ ਲੱਗ ਗਿਆ ਤੇ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ। ਉੱਥੇ ਮੌਜੂਦ ਮਜ਼ਦੂਰਾਂ ਤੇ ਹੋਰ ਲੋਕਾਂ ਨੇ ਉਸ ਨੂੰ ਤੁਰੰਤ ਮਿੱਟੀ ਵਿੱਚ ਦੱਬ ਕੇ ਮਾਲਸ਼ਾਂ ਕੀਤੀਆਂ ਤੇ ਫਿਰ ਇਲਾਜ ਲਈ ਬਰਨਾਲਾ ਲੈ ਕੇ ਗਏ। ਕਿਸਾਨ ਆਗੂਆਂ ਨੇ ਬਿਜਲੀ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਈ ਵਾਰ ਐਸਡੀਓ ਸ਼ਹਿਣਾ ਨੂੰ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਲਾਈਨ ਘਰ ਤੋਂ ਬਾਹਰ ਨਹੀਂ ਕਰਵਾਈ। ਇਸ ਸਬੰਧੀ ਸਹਾਇਕ ਐਸਡੀਓ ਸ਼ਹਿਣਾ ਸੁਖਪਾਲ ਸਿੰਘ ਨੇ ਦੱਸਿਆ ਕਿ ਹਾਈਵੋਲਟੇਜ ਤਾਰਾਂ ਦੀ ਲਾਈਨ ਪਹਿਲਾਂ ਤੋਂ ਨਿਕਲੀ ਹੈ, ਜਦਕਿ ਤਾਰਾਂ ਥੱਲੇ ਘਰ ਦੀ ਉਸਾਰੀ ਹੁਣ ਕੀਤੀ ਜਾ ਰਹੀ ਹੈ। ਇਸ ਸਬੰਧੀ ਸੋਮਵਾਰ ਨੂੰ ਮੌਕਾ ਦੇਖਿਆ ਜਾਵੇਗਾ ਅਤੇ ਇਸ ਉਪਰੰਤ ਹੀ ਕੋਈ ਕਾਰਵਾਈ ਸ਼ੁਰੂ ਕਰਾਂਗੇ।