ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 29 ਜੂਨ
ਇੱਥੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਪਲੰਬਰ ਨੇ ਦਫ਼ਤਰ ਵਿੱਚ ਹਾਈ ਵੋਲਟੇਜ ਡਰਾਮਾ ਕੀਤਾ। ਅਸ਼ਵਨੀ ਕੁਮਾਰ ਨਾਂ ਦੇ ਇਸ ਪਲੰਬਰ ਨੇ ਪਹਿਲਾਂ ਵਿਭਾਗ ਦੇ ਇਕ ਦਰਜਾ ਚਾਰ ਮੁਲਾਜ਼ਮ ਦੀ ਕੁੱਟਮਾਰ ਕੀਤੀ ਤੇ ਮਗਰੋਂ ਜਲ ਬੋਰਡ ਦੀ ਟੈਂਕੀ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਦਰਅਸਲ, ਲਾਇਸੈਂਸਸ਼ੁਦਾ ਇਸ ਪਲੰਬਰ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਵਿਛਾਈ ਹਾਰਟ ਲਾਈਨ ਪਾਈਪ ਵਿੱਚੋਂ ਕਥਿਤ ਪੈਸੇ ਲੈ ਕੇ ਪਾਣੀ ਦੇ ਕੁਨੈਕਸ਼ਨ ਦੇ ਦਿੱਤੇ ਸਨ। ਜਦੋਂ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਸ ਨੇ ਅਧਿਕਾਰੀਆਂ ਨਾਲ ਦੁਰਵਿਹਾਰ ਕੀਤਾ। ਇਸ ਮਾਮਲੇ ਦੀ ਜਾਂਚ ਕੋਟਕਪੂਰਾ ਸਿਟੀ ਪੁਲੀਸ ਕਰ ਰਹੀ ਹੈ। ਪੁਲੀਸ ਕਾਰਵਾਈ ਤੋਂ ਬਚਣ ਪਲੰਬਰ ਜਲ ਬੋਰਡ ਦੇ ਦਫ਼ਤਰ ਪਹੁੰਚਿਆ ਤੇ ਡਰਾਮਾ ਸ਼ੁਰੂ ਕਰ ਦਿੱਤਾ। ਐਸਡੀਓ ਗੁਰਪਾਲ ਸਿੰਘ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਸਿਟੀ ਕੋਟਕਪੂਰਾ ਵਿੱਚ ਦਰਜ ਕਰਵਾਈ ਹੈ ਤੇ ਮਗਰੋਂ ਉਪ ਮੰਡਲ ਮੈਜਿਸਟਰੇਟ ਮੇਜਰ ਅਮਰਿੰਦਰ ਸਿੰਘ ਟਿਵਾਣਾ ਕੋਲ ਵਿਭਾਗ ਦਾ ਪ੍ਰਤੀਨਿਧੀ ਮੰਡਲ ਲੈ ਕੇ ਮਿਲੇ। ਐਸਡੀਐਮ ਨੇ ਭਰੋਸਾ ਦਿੱਤਾ ਕਿ ਪਲੰਬਰ ਦੀ ਕਾਰਗੁਜ਼ਾਰੀ ਕਾਰਨ ਪਹਿਲਾਂ ਹੀ ਵਿਭਾਗ ਦਾ ਮੋਟਾ ਨੁਕਸਾਨ ਹੋਇਆ ਹੈ ਤੇ ਉਹ ਇਸ ਸਬੰਧੀ ਪੁਲੀਸ ਨੂੰ ਕਾਰਵਾਈ ਕਰਨ ਦੀ ਹਦਾਇਤ ਕਰਨਗੇ।