ਨਿਜੀ ਪੱਤਰ ਪ੍ਰੇਰਕ
ਫਰੀਦਕੋਟ, 6 ਜੁਲਾਈ
ਇਥੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਖਿਲਾਫ਼ ਚੇਤਨ ਕਰਨ ਲਈ ਨੁੱਕੜ ਨਾਟਕ ਖੇਡਣ ਗਈ ਪੁਲੀਸ ਦੀ ਟੀਮ ਨੂੰ ਅੱਜ ਲੋਕਾਂ ਨੇ ਘੇਰ ਲਿਆ। ਲੋਕਾਂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਹਰ ਥਾਂ ਬੇ-ਰੋਕ ਟੋਕ ਨਸ਼ਾ ਵਿਕ ਰਿਹਾ ਹੈ। ਪੁਲੀਸ ਦੀ ਟੀਮ ਅੰਬੇਦਕਰ ਨਗਰ ਵਿੱਚ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਪੁੱਜੀ ਸੀ। ਮੁਹੱਲਾ ਵਾਸੀ ਰਾਜ ਰਾਣੀ, ਕਿਰਨਾ ਦੇਵੀ ਅਤੇ ਮਹਿੰਦਰ ਕੌਰ ਨੇ ਦੋਸ਼ ਲਾਇਆ ਕਿ ਪੂਰਾ ਦਿਨ ਮੁਹੱਲੇ ਵਿੱਚ ਨਸ਼ਾ ਵਿਕਦਾ ਹੈ ਅਤੇ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ ਪਰੰਤੂ ਕਦੇ ਵੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਸੂਰਵਾਰਾਂ ਖਿਲਾਫ਼ ਕਾਰਵਾਈ ਨਹੀਂ ਕੀਤੀ। ਗਰੀਬ ਬਸਤੀਆਂ ਦੇ ਨੌਜਵਾਨਾਂ ਨੂੰ ਨਸ਼ਾ ਤਸਕਰ ਆਪਣੀ ਗ੍ਰਿਫ਼ਤ ਵਿੱਚ ਲੈ ਚੁੱਕੇ ਹਨ ਅਤੇ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਘਰਾਂ ਦਾ ਕੀਮਤੀ ਸਾਮਾਨ ਕੌਡੀਆਂ ਦੇ ਭਾਅ ਵੇਚ ਰਹੇ ਹਨ। ਨਸ਼ਿਆਂ ਤੋਂ ਪੀੜਤ ਪਰਿਵਾਰਾਂ ਨੇ ਪੁਲੀਸ ਅਧਿਕਾਰੀਆਂ ਨੂੰ ਘੇਰ ਕੇ ਕਿਹਾ ਕਿ ਉਹ ਨੁੱਕੜ ਨਾਟਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਥਾਂ ਕਾਨੂੰਨ ਮੁਤਾਬਿਕ ਤਸਕਰਾਂ ਖਿਲਾਫ਼ ਕਾਰਵਾਈ ਕਰਨ। ਟੀਮ ਨੂੰ ਘੇਰਨ ਦਾ ਪਤਾ ਚੱਲਦੇ ਹੀ ਡੀ.ਐੱਸ.ਪੀ ਏਡੀ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਪੁਲੀਸ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ। ਕਾਨੂੰਨੀ ਕਾਰਵਾਈ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਮਾਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵਿਸ਼ੇਸ਼ ਰਣਨੀਤੀ ਤਹਿਤ ਕੰਮ ਕਰ ਰਹੀ ਹੈ। ਉਹਨਾ ਕਿਹਾ ਕਿ ਜਿਹੜਾ ਪੁਲੀਸ ਅਧਿਕਾਰੀ ਤਸਕਰਾਂ ਖਿਲਾਫ਼ ਨਰਮੀ ਵਰਤੇਗਾ, ਉਸ ਖਿਲਾਫ਼ ਸਰਕਾਰ ਪੂਰੀ ਸਖ਼ਤੀ ਵਰਤੇਗੀ।