ਪਵਨ ਗੋਇਲ
ਭੁੱਚੋ ਮੰਡੀ, 6 ਜੁਲਾਈ
ਇੱਥੋਂ ਦੇ ਵਾਰਡ ਨੰਬਰ 5 ਵਿੱਚ ਬਿਜਲੀ ਮੁਲਾਜ਼ਮਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਬੀਤੀ ਰਾਤ ਲਗਪਗ 12 ਘੰਟੇ ਬਿਜਲੀ ਸਪਲਾਈ ਬੰਦ ਰਹੀ। ਇਸ ਕਾਰਨ ਵਾਰਡ ਵਾਸੀਆਂ ਨੂੰ ਸਾਰੀ ਰਾਤ ਕਹਿਰ ਦੀ ਗਰਮੀ ਵਿੱਚ ਗੁਜ਼ਾਰਨੀ ਪਈ। ਛੋਟੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਰਿਹਾ। ਵਾਰਡ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ’ਤੇ ਡਿਊਟੀ ਵਿੱਚ ਕੁਤਾਹੀ ਵਰਤਨ ਦੇ ਦੋਸ਼ ਲਗਾਏ ਹਨ।
ਵਾਰਡ ਵਾਸੀ ਅਨਿਲ ਕੁਮਾਰ, ਰਜਿੰਦਰ ਕੁਮਾਰ, ਰਾਮ ਕੁਮਾਰ ਬਾਂਸਲ, ਨਿਤੇਸ਼ ਕੁਮਾਰ, ਨੀਸ਼ੂ ਰਾਣੀ, ਸੁਮਨ ਰਾਣੀ ਅਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਰਾਤ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਵਾਰ ਵਾਰ ਸੂਚਿਤ ਕੀਤਾ, ਪਰ ਉਹ ਲਾਰੇ ਲਗਾਉਂਦੇ ਰਹੇ। ਉਨ੍ਹਾਂ ਕਿਹਾ ਕਿ ਬਿਜਲੀ ਲਾਈਨ ਵਿੱਚ ਕੋਈ ਵੱਡਾ ਨੁਕਸ ਨਹੀਂ ਸੀ, ਪਰ ਮੁਲਾਜ਼ਮ ਰਾਤ ਦੀ ਬਜਾਏ ਸਵੇਰੇ ਦਸ ਵਜੇ ਆਏ ਅਤੇ ਕੁੱਝ ਕੁ ਮਿੰਟਾਂ ਵਿੱਚ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਾਰਡ ਦੀ ਬਿਜਲੀ ਅਕਸਰ ਹੀ ਖ਼ਰਾਬ ਰਹਿੰਦੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਡਿਊਟੀ ਵਿੱਚ ਕੁਤਾਹੀ ਵਰਤਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪਾਵਰਕੌਮ ਦੀ ਸਬ-ਡਿਵੀਜ਼ਨ ਭੁੱਚੋ ਦੇ ਐੱਸਡੀਓ ਪੁਸ਼ਪਿੰਦਰ ਸਿੰਗਲਾ ਨੇ ਕਿਹਾ ਕਿ ਜੇਈ ਨੂੰ ਮੌਕਾ ਦੇਖਣ ਲਈ ਭੇਜਿਆ ਗਿਆ ਹੈ। ਉਹ ਖ਼ੁਦ ਵੀ ਮਾਮਲੇ ਦੀ ਜਾਂਚ ਕਰਨਗੇ ਅਤੇ ਮੌਕਾ ਦੇਖ ਕੇ ਸਮੱਸਿਆ ਦਾ ਪੱਕਾ ਹੱਲ ਕਰਵਾਉਣਗੇ।